ਇਹ ਪੱਤਾ ਰੰਗ ਚਾਰਟ ਨਾਲ ਜਾਣੋ ਝੋਨੇ ਵਿੱਚ ਪਾਉਣ ਲਈ ਯੂਰੀਆ ਦੀ ਸਹੀ ਮਾਤਰਾ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋ ਯੂਰੀਆ ਪਾਉਣ ਲਈ ਨਾਈਟ੍ਰੋਜਨ ਤੱਤਾਂ ਦੀ ਸਹੀ ਮਾਤਰਾ ਜਾਨਣ ਲਈ ਇਕ ਪੱਤਾ ਰੰਗ ਚਾਰਟ ਖੋਜ ਨੂੰ ਬਹੁਤ ਪ੍ਰਚਲਿਤ ਕੀਤਾ ਜਾ ਰਿਹਾ ਹੈ । ‘ਪੱਤਾ ਰੰਗ ਚਾਰਟ’ ਪਲਾਸਟਿਕ ਦੀ ਬਣੀ ਹੋਈ 8 ਬਾਈ 3 ਇੰਚ ਦੀ ਇਕ ਪੱਟੀ ਹੈ ਜਿਸ ‘ਤੇ ਹਰੇ ਰੰਗ ਦੀਆਂ 6 ਟਿੱਕੀਆਂ ਬਣੀਆਂ ਹੁੰਦੀਆਂ ਹਨ। 6 ਨੰਬਰ ਵਾਲੀ ਟਿੱਕੀ ਦਾ ਰੰਗ ਗੂੜ੍ਹਾ ਹਰਾ ਹੁੰਦਾ ਹੈ ਜਦੋਂ ਕਿ ਇਕ ਨੰਬਰ ਵਾਲੀ ਟਿੱਕੀ ਦਾ ਰੰਗ ਹਲਕਾ ਹਰਾ ਹੁੰਦਾ ਹੈ  । ਇਹਨਾਂ ਟਿੱਕੀਆਂ ਨੂੰ ਪੱਤੇ ਵਾਂਗ ਦਿੱਖ ਦੇਣ ਲਈ ਹਨ ਉਪਰ ਬਾਰੀਕ ਬਾਰੀਕ ਨਾੜੀਆਂ ਬਣੀਆਂ ਹੁੰਦੀਆਂ ਹਨ ਜੋ ਕਿਸਾਨ ਨੂੰ ਮਦਦ ਕਰਦਿਆਂ ਹਨ। ਪੀ.ਏ.ਯੂ. ਵੱਲੋਂ ਕੀਤੀਆਂ ਗਈਆਂ ਸਿਫ਼ਾਰਸ਼ਾਂ ਮੁਤਾਬਿਕ ਝੋਨੇ ਦੇ ਖੇਤ ਵਿਚ ਆਖ਼ਰੀ ਕੱਦੂ ਕਰਨ ਸਮੇਂ 25 ਕਿੱਲੋ ਯੂਰੀਆ ਪ੍ਰਤੀ ਏਕੜ ਪਾਉਣ ਉਪਰੰਤ ਝੋਨਾ ਲਗਾਉਣ ਦੇ ਦੋ-ਦੋ ਹਫ਼ਤਿਆਂ ਬਾਅਦ ਉੱਪਰੋਂ ਖੁੱਲ੍ਹੇ ਹੋਏ ਦੂਜੇ ਅਤੇ ਰੋਗ ਰਹਿਤ ਪੱਤੇ ਦਾ ਰੰਗ ਚਾਰਟ ਨਾਲ ਮਿਲਾ ਕੇ ਫ਼ਸਲ ਵਿਚ ਨਾਈਟ੍ਰੋਜਨ ਖਾਦ ਦੀ ਲੋੜ ਦਾ ਪਤਾ ਲਗਾਇਆ ਜਾ ਸਕਦਾ ਹੈ। ਰੰਗ ਮਿਲਾਉਣ ਵੇਲੇ ਪੱਤਿਆਂ ਨੂੰ ਬੂਟੇ ਨਾਲੋਂ ਤੋੜਨਾ ਨਹੀਂ ਚਾਹੀਦਾ ਅਤੇ ਹਰ ਵਾਰੀ ਰੰਗ ਮਿਲਾਉਣ ਸਮੇਂ ਇਕੋ ਹੀ ਸਮਾਂ ਰੱਖਣਾ ਬਹੁਤ ਜਰੂਰੀ ਹੈ ਜਿਸ ਵਿਚ ਸਵੇਰੇ 9-10 ਵਜੇ ਜਾਂ ਸ਼ਾਮ 4-5 ਵਜੇ ਸਮੇਂ ਨੂੰ ਤਰਜੀਹ ਦੇਣੀ ਚਾਹੀਦੀ ਹੈ।ਜਿਸ ਹਫ਼ਤੇ 10 ਵਿਚੋਂ 6 ਜਾਂ ਇਸ ਤੋਂ ਵੱਧ ਪੱਤਿਆਂ ਦਾ ਰੰਗ ਚਾਰਟ ਦੀ ਟਿੱਕੀ ਨੰਬਰ 4 ਤੋਂ ਫਿੱਕਾ ਹੋਵੇ ਤਾਂ 25 ਕਿੱਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਦੇਣਾ ਚਾਹੀਦਾ ਹੈ। ਜੇਕਰ 6 ਜਾਂ ਇਸ ਤੋਂ ਵੱਧ ਪੱਤਿਆਂ ਦਾ ਰੰਗ 4 ਨੰਬਰ ਟਿੱਕੀ ਤੋਂ ਗੂੜ੍ਹਾ ਹੋਵੇ ਤਾਂ ਯੂਰੀਆ ਖਾਦ ਦੀ ਵਰਤੋਂ ਨਹੀਂ ਕਰਨੀ ਚਾਹੀਦੀ।ਰੰਗ ਮਿਲਾਉਣ ਵਾਲੇ ਵਿਅਕਤੀ ਦਾ ਪਰਛਾਵਾਂ ਪੱਤੇ ਅਤੇ ਚਾਰਟ ‘ਤੇ ਪੈਣਾ ਚਾਹੀਦਾ ਹੈ।ਕਿਸਾਨ ਨੂੰ ਝੋਨੇ ਦੇ ਨਿੱਸਰ ਜਾਣ ਤੋਂ ਬਾਅਦ ਪੱਤਾ ਰੰਗ ਚਾਰਟ ਅਤੇ ਖਾਦ ਦੀ ਵਰਤੋਂ ਨਹੀਂ ਕਰਨੀ ਚਾਹੀਦੀ । ਝੋਨੇ ਦੀ ਫ਼ਸਲ ਵਿਚ ਨਾਈਟ੍ਰੋਜਨ ਦੀ ਲੋੜ ਨੂੰ ਜਾਣਨ ਲਈ ਪੱਤਾ ਰੰਗ ਚਾਰਟ ਇਕ ਸਫਲ ਯੰਤਰ ਹੈ। ਇਸ ਲਈ ਝੋਨੇ ਵਿਚ ਬਿਜਾਈ ਤੋਂ 21 ਅਤੇ 42 ਦਿਨਾਂ ਬਾਅਦ ਖਾਦ ਪਾਉਣ ਦੀ ਬਜਾਏ ਇਸ ਚਾਰਟ ਦੀ ਵਰਤੋਂ ਕਰ ਕੇ ਸਹੀ ਸਮੇਂ ਅਤੇ ਸਹੀ ਮਿਕਦਾਰ ਵਿਚ ਹੀ ਨਾਈਟ੍ਰੋਜਨ ਦੀ ਵਰਤੋਂ ਕਰਨੀ ਚਾਹੀਦੀ ਹੈ।ਖੇਤੀ ਵਿਗਿਆਨੀਆਂ ਦੇ ਤਜਰਬੇ ਅਨੁਸਾਰ ਝੋਨੇ ਨੂੰ 6 ਟਨ ਰੂੜੀ ਪ੍ਰਤੀ ਏਕੜ ਪਾ ਕੇ ਇਕ ਤਿਹਾਈ ਯੂਰੀਆ ਦੀ ਵਰਤੋਂ ਘਟਾਈ ਜਾ ਸਕਦੀ ਹੈ। ਪੰਜਾਬ ਯੂਨੀਵਰਸਿਟੀ ਵੱਲੋ ਆਉਣ ਵਾਲਿਆਂ ਸਾਰੀਆਂ ਹੀ ਪ੍ਰਮਾਣਿਕ ਕਿਸਮਾਂ ਉੱਤੇ ਇਸ ਪੱਤਾ ਰੰਗ ਚਾਰਟ ਦੀ ਯਕੀਨਣ ਰੂਪ ਵਿੱਚ ਵਰਤੋਂ ਕੀਤੀ ਜਾ ਸਕਦੀ ਹੈ ।  ਜੇਕਰ ਪਨੀਰੀ ਲਗਾਉਣ ਤੋਂ ਬਾਅਦ 2-3 ਹਫ਼ਤਿਆਂ ਤੱਕ ਬੂਟੇ ਗਿੱਠੇ ਰਹਿਣ ਅਤੇ ਪੱਤੇ ਜੰਗਾਲੇ ਅਤੇ ਭੂਰੇ ਹੋਣ ਤੋਂ ਇਲਾਵਾ ਵਿਚਕਾਰਲੀ ਨਾੜੀ ਦਾ ਰੰਗ ਬਦਲ ਜਾਵੇ ਅਤੇ ਪੱਤੇ ਸੁੱਕਣੇ ਸ਼ੁਰੂ ਹੋ ਜਾਣ ਤਾਂ ਖੇਤ ਵਿਚ ਜ਼ਿੰਕ ਦੀ ਘਾਟ ਪੈਦਾ ਹੁੰਦੀ ਹੈ।ਇਸ ਘਾਟ ਨੂੰ ਪੂਰਾ ਕਰਨ ਲਈ 25 ਕਿੱਲੋ ਜ਼ਿੰਕ ਸਲਫ਼ੇਟ ਹੈਪਟਾਹਾਈਡਰੇਟ ਜਾਂ 16 ਕਿੱਲੋ ਜ਼ਿੰਕ ਸਲਫ਼ੇਟ ਮੋਨੋਹਾਈਡਰੇਟ ਪ੍ਰਤੀ ਏਕੜ ਵਿਚ ਖਿਲਾਰ ਦੇਣਾ ਚਾਹੀਦਾ ਹੈ। ਜੇਕਰ ਖੇਤ ਵਿਚ ਪਾਣੀ ਦੀ ਘਾਟ ਹੋਵੇ ਅਤੇ ਪਨੀਰੀ ਲਗਾਉਣ ਤੋਂ ਬਾਅਦ ਕੁੱਝ ਦਿਨ ਨਵੇਂ ਨਿਕਲ ਰਹੇ ਪੱਤੇ ਪੀਲੇ ਪੈ ਜਾਣ ਅਤੇ ਬੂਟੇ ਮਰਨੇ ਸ਼ੁਰੂ ਹੋ ਜਾਣ ਤਾਂ ਖੇਤ ਨੂੰ ਜਲਦੀ ਹੀ ਭਰਵਾਂ ਪਾਣੀ ਦੇਣਾ ਚਾਹੀਦਾ ਹੈ ਅਤੇ ਇਕ ਹਫ਼ਤੇ ਦੇ ਫ਼ਰਕ ਨਾਲ ਇਕ ਕਿੱਲੋ ਫੈਰਸ ਸਲਫ਼ੇਟ ਨੂੰ 100 ਲੀਟਰ ਪਾਣੀ ਵਿਚ ਮਿਲਾ ਕੇ ਛਿੜਕਾਅ ਕਰਨਾ ਚਾਹੀਦਾ ਹੈ।

Share this...
Share on Facebook
Facebook
error: Content is protected !!