ਹਵਾਈ ਜਹਾਜ ਨੂੰ ਉਡਾਉਣ ਦੀ ਪੂਰੇ ਭਾਰਤ ਵਿਚੋਂ ਸਭ ਤੋਂ ਪਹਿਲਾਂ ਟ੍ਰੇਨਿੰਗ ਲੈਣ ਵਾਲਾ ਸਿੱਖ

ਇਸ ਦੁਨੀਆਂ ਵਿੱਚ ਕੁਝ ਇਸ ਤਰ੍ਹਾਂ ਦੇ ਇਨਸਾਨ ਜਨਮ ਲੈਂਦੇ ਹਨ ਜਿੰਨ੍ਹਾਂ ਵਿੱਚ ਨਾਲ ਹੀ ਮਾਨਵਤਾ ਦੇ ਲਈ ਕੁਝ ਕਰ ਗੁਜ਼ਰਨ ਦੀ ਲਾਲਸਾ ਵੀ ਜਨਮ ਲੈਂਦੀ ਹੈ । ਉਹ ਲੋਕ ਭਾਵੁਕ, ਪਾਗਲ ਜਾਂ ਸਨਕੀ ਹੁੰਦੇ ਹਨ ਇਹ ਤਾਂ ਪਤਾ ਨਹੀਂ, ਪਰ ਆਮ ਲੋਕਾਂ ਨਾਲੋਂ ਉਹਨਾਂ ਵਿੱਚ ਕੁਝ ਅਲੱਗ ਜ਼ਰੂਰ ਹੁੰਦਾ ਹੈ । ਇਸ ਸੰਸਾਰ ਦੇ ਵਿਕਾਸ ਦੇ ਰਸਤੇ ‘ਤੇ ਕਦੇ ਵੀ ਨਾ-ਮਿਟਣ ਵਾਲੇ ਨਿਸ਼ਾਨ ਉਹਨਾਂ ਦੁਆਰਾ ਪਾਈਆਂ ਪੈਡ਼ਾਂ ਛੱਡ ਜਾਂਦੀਆਂ ਹਨ ।

ਉਹ ਲੋਕ ਸੰਸਾਰ ਦੇ ਇਤਿਹਾਸ ਦੇ ਆਕਾਸ਼ ਉੱਪਰ ਕਦੇ ਨਾ-ਟੁੱਟਣ ਵਾਲਾ ਅਤੇ ਸਦਾ ਰੌਸ਼ਨ ਰਹਿਣ ਵਾਲਾ ਤਾਰਾ ਬਣ ਕੇ ਚਮਕਦੇ ਹਨ,ਜਿੰਨ੍ਹਾਂ ‘ਤੋਂ ਸੇਧ ਲੈ ਕੇ ਆਉਣ ਵਾਲੀਆਂ ਨਸਲਾਂ ਆਪਣੀ ਮੰਜ਼ਿਲ ਤਲਾਸ਼ਦੀਆਂ ਹਨ । ਸ਼ਹੀਦ ਸ: ਕਰਤਾਰ ਸਿੰਘ ‘ਸਰਾਭਾ’ ਇੱਕ ਇਸੇ ਹੀ ਤਰ੍ਹਾਂ ਹਮੇਸ਼ਾ ਜਗਮਗ-ਜਗਮਗ ਕਰਦਾ ਰਹਿਣ ਵਾਲਾ ਸਿਤਾਰਾ ਹੈ । ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਹੋਵੇਗਾ ਕਿ ਪਹਿਲਾ ਸਿੱਖ ਜਿਸਨੇ ਹਵਾਈ ਜਹਾਜ ਦੀ ਟਰੇਨਿੰਗ ਸਬ ਤੋਂ ਪਹਿਲਾ ਲਈ ਸੀ ਸਰਦਾਰ ਕਰਤਾਰ ਸਿੰਘ ਸਰਾਭਾ ਹੈ । ਕਿਸੇ ਵੀ ਭਾਰਤੀ ਨੂੰ ਇਸਤੋਂ ਪਹਿਲਾਂ ਹਵਾਈ ਜਹਾਜ ਚਲਾਉਣਾ ਨਹੀਂ ਸੀ ਆਉਂਦਾ। ਸ.ਸਰਾਭੇ ਨੂੰ ਗਦਰੀ ਬਾਬੇ ਸੋਹਣ ਸਿੰਘ ਭਕਨਾ ਦੀ ਇੱਕ ਰਚਨਾ ਅਨੁਸਾਰ ਸੈਨਫਰਾਂਸਿਸਕੋ ਦੇ ਜਰਮਨ ਕੌਂਸਲਰ ਰਾਹੀਂ ਕਿਸੇ ਜਰਮਨ ਕੰਪਨੀ ਤੋਂ ਜਹਾਜ ਦੀ ਟਰੇਨਿੰਗ ਦਵਾਈ ਗਈ ਸੀ ।

ਅੱਖਾਂ ਸਾਹਮਣੇ ਸਰਦਾਰ ਸਰਾਭੇ ਦਾ ਨਾਮ ਲੈਂਦਿਆਂ ਇੱਕ ਸਿੱਖ ਨੌਜਵਾਨ ਦੀ ਤਸਵੀਰ ਆ ਜਾਂਦੀ ਹੈ ਜਿਹੜਾ ਸਿਰਫ 19 ਸਾਲ ਦੀ ਉਮਰ ਵਿਚ ਹੀ ਆਜ਼ਾਦੀ ਖਾਤਿਰ ਫਾਂਸੀ ਦੇ ਤਖਤੇ ਤੇ ਚੜ ਗਿਆ ਸੀ । 24 ਮਈ 1896 ਨੂੰ ਜਨਮੇ ਸਰਦਾਰ ਸਰਾਭੇ ਦਾ ਸ਼ਹਾਦਤ ਤੱਕ ਦਾ ਸਫ਼ਰ ਹਰ ਮਨੁੱਖ ਲਈ ਪ੍ਰੇਰਨਾ ਸਰੋਤ ਹੈ ਜੋ ਆਜ਼ਾਦੀ ਦਾ ਝੰਡਾ ਬਰਦਾਰ ਹੈ । ਗਦਰ ਲਹਿਰ ਦਾ ਇਹ ਸੂਰਮਾ ਜਿਸਨੇ ਪਹਿਲਾਂ ਆਜ਼ਾਦੀ ਖਾਤਿਰ ਸਭ ਕੁਝ ਕੀਤਾ ਤੇ ਫਿਰ ਅਦਾਲਤ ਵਿਚ ਡਟਕੇ ਸ਼ਹਾਦਤ ਕਬੂਲ ਕੀਤੀ।ਇਸ ਸੂਰਮੇ ਦੀਆਂ ਵਿਚਾਰਾਂ ਨੇ ਬੱਬਰ ਅਕਾਲੀਆਂ ਦਾ ਅਧਾਰ ਬਣਾਇਆ।

ਭਗਤ ਸਿੰਘ ਦੀ ਜੇਬ ਵਿੱਚ ਇਸ ਸੂਰਮੇ ਦੀ ਫੋਟੋ ਸਦਾ ਹੀ ਹੁੰਦੀ ਸੀ । ਦੇਸ਼ ਦੀ ਅਜ਼ਾਦੀ ਦੇ ਸੰਘਰਸ਼ ਲਈ ਘਾਲੀ ਗਈ ਘਾਲਣਾ ਵਿੱਚ ਸ:ਕਰਤਾਰ ਸਿੰਘ ਦੁਆਰਾ ਪਾਇਆ ਗਿਆ ਯੋਗਦਾਨ ਕਦੇ ਨਾ-ਭੁੱਲਣ ਵਾਲਾ, ਅਣਮੋਲ ਅਤੇ ਸ਼ਲਾਂਘਾਯੋਗ ਹੈ । ਇਹ ਓਹੀ ਸਰਾਭਾ ਸੀ ਜਿਸਨੇ ਅਦਾਲਤ ਵਿਚ ਜੱਜ ਨੂੰ ਗੱਜਕੇ ਕਿਹਾ ਸੀ ਕਿ ਉਹ ਫਿਰ ਆਜ਼ਾਦੀ ਦਾ ਸੰਘਰਸ਼ ਕਰੇਗਾ ਜੇ ਉਸਨੂੰ ਦੋਬਾਰਾ ਜਨਮ ਮਿਲੇ ਤਾਂ ਅਤੇ ਆਪਣੇ ਆਦਰਸ਼ਾਂ ਤੋਂ ਹੁਣ ਵਾਂਗ ਹੀ ਕੁਰਬਾਨ ਹੋਵਾਂਗਾ। 1912 ਵਿੱਚ ਜਦੋਂ ਪਾਣੀ ਵਾਲੇ ਜ਼ਹਾਜ ਰਾਹੀਂ ਕਰਤਾਰ ਸਿੰਘ ਸਨਫਰਾਂਸਿਸਕੋ ਗਿਆ ਤਾਂ ਇਸ ਯੋਧੇ ਨੂੰ ਗੁਲਾਮੀ ਦਾ ਅਹਿਸਾਸ ਉੱਥੇ ਅਮਰੀਕੀ ਸਿਪਾਹੀਆਂ ਦੇ ਭਾਰਤੀਆਂ ਪ੍ਰਤੀ ਵਰਤੇ ਗਏ ਘਟੀਆ ਤਰੀਕੇ ਨੇ ਕਰਵਾਇਆ ਅਤੇ ਇਸ ਛੋਟੇ ਜਿਹੇ ਕਰਤਾਰ ਸਿੰਘ ਦੇ ਦਿਲ ਅਤੇ ਮਨ ਨੇ ਇਹ ਮਹਿਸੂਸ ਕੀਤਾ ਕਿ ‘ਗੁਲਾਮੀ ਸਭ ਤੋਂ ਵੱਡਾ ਸਰਾਪ ਹੈ’ ।

ਆਪਣੇ ਦੇਸ਼ ਅਤੇ ਦੇਸ਼ਵਾਸੀਆਂ ਨੂੰ ਗੁਲਾਮੀ ਦੇ ਇਸੇ ਸਰਾਪ ਤੋਂ ਨਿਜ਼ਾਤ ਦਿਵਾਉਣ ਲਈ ਕਰਤਾਰ ਸਿੰਘ ਨੇ 21 ਅਪ੍ਰੈਲ 1913 ਈ: ਨੂੰ ਪੰਡਿਤ ਜਗਤ ਰਾਮ ਰਿਹਾਨਾ, ਲਾਲਾ ਹਰਦਿਆਲ, ਭਾਈ ਜਵਾਲਾ ਸਿੰਘ ਆਦਿ ਨਾਲ ਮਿਲ ਕੇ ਅਮਰੀਕਾ ਵਿੱਚ ਗਦਰ ਪਾਰਟੀ ਬਣਾਈ ਅਤੇ ਅਜ਼ਾਦੀ ਦੀ ਪ੍ਰਾਪਤੀ ਲਈ ਲੋਕਾਂ ਵਿੱਚ ਜੋਸ਼ ਭਰਨ ਲਈ ਪਾਰਟੀ ਦਾ ਨਾਅਰਾ: ਦੇਸ਼ ਦੀ ਆਜ਼ਾਦੀ ਲਈ ਆਪਣਾ ਸਭ ਕੁਝ ਦਾਅ ਤੇ ਲਾ ਦਿਓ ਰੱਖਿਆ । 1 ਨਵੰਬਰ 1913 ਈ: ਨੂੰ ਲੋਕਾਂ ਨੂੰ ਲਾਮਬੰਦ ਕਰਨ ਲਈ ਇਸ ਪਾਰਟੀ ਨੇ ‘ਗ਼ਦਰ’ ਨਾਮ ਦਾ ਅਖ਼ਬਾਰ ਛਾਪਣਾ ਸ਼ੁਰੂ ਕੀਤਾ । ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਆਪਣੀ ਗੱਲ ਪਹੁੰਚਾਉਣ ਅਤੇ ਅਜ਼ਾਦੀ ਦੇ ਕਾਫ਼ਲੇ ਨੂੰ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ ਇਹ ਅਖ਼ਬਾਰ ਪੰਜਾਬੀ ਤੋਂ ਇਲਾਵਾ ਗੁਜਰਾਤੀ, ਬੰਗਾਲੀ,ਉਰਦੂ,ਹਿੰਦੀ, ਅਤੇ ਪਸ਼ਤੋ ਭਾਸ਼ਾਵਾਂ ਵਿੱਚ ਵੀ ਛਾਪਿਆ ਜਾਂਦਾ ਸੀ ।

Share this...
Share on Facebook
Facebook
error: Content is protected !!