ਪਰਾਲੀ ਸਾੜਨ ਵਾਲੇ 16 ਕਿਸਾਨਾਂ ਦਾ ਸੈਟੇਲਾਈਟ ਦੀ ਮਦਦ ਨਾਲ ਕੀਤਾ ਚਲਾਨ

ਅੰਮ੍ਰਿਤਸਰ:ਅੱਜ ਐਤਵਾਰ ਦੀ ਛੁੱਟੀ ਹੋਣ ਦੇ ਬਾਵਜੂਦ ਮਾਲ ਵਿਭਾਗ ਦੇ ਅਧਿਕਾਰੀ, ਜਿਸ ਵਿਚ ਐਸ ਡੀ ਐਮ, ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਸ਼ਾਮਿਲ ਸਨ, ਆਪਣੀਆਂ ਟੀਮਾਂ ਨਾਲ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਚਲਾਨ ਕੱਟਣ ਵਿਚ ਰੁੱਝੇ ਰਹੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤਕ ਪ੍ਰਾਪਤ ਹੋਈ ਰਿਪੋਰਟ ਅਨੁਸਾਰ ਐਸ ਡੀ ਐਮ  ਨੇ ਜੰਡਿਆਲਾ ਇਲਾਕੇ ਦੇ ਪਿੰਡਾਂ ਵਿਚ ਘੁੰਮ ਕੇ ਜਿੱਥੇ ਕਿਸਾਨਾਂ ਨੂੰ ਪਰਾਲੀ ਦੀ ਅੱਗ ਤੋਂ ਹੁੰਦੇ ਨੁਕਸਾਨ ਬਾਰੇ ਦੱਸ ਕੇ ਅੱਗ ਨਾ ਲਾਉਣ ਲਈ ਪ੍ਰੇਰਿਆ।

ਉਥੇ ਉਪਗ੍ਰਹਿ ਤੋਂ ਮਿਲੀ ਜਾਣਕਾਰੀ ਦੇ ਅਧਾਰ ‘ਤੇ ਜੰਡਿਆਲਾ ਵਿਚ ਹੀ ਲੱਗੀ ਅੱਗ ਦਾ ਇਕ ਕਿਸਾਨ ਨੂੰ ਮੌਕੇ ‘ਤੇ 2500 ਰੁਪਏ ਜੁਰਮਾਨਾ ਲਾਇਆ, ਜੋ ਨਗਦ ਹੀ ਵਸੂਲ ਕੀਤਾ। ਉਨ੍ਹਾਂ ਦੱਸਿਆ ਕਿ ਐਸ ਡੀ ਐਮ ਸ੍ਰੀ ਵਿਕਾਸ ਹੀਰਾ ਨੇ ਚੱਬਾ ਤੇ ਮਾਲੂਵਾਲ ਇਲਾਕੇ ਵਿਚ ਪਰਾਲੀ ਦੀ ਅੱਗ ਸਬੰਧੀ ਮਿਲੀ ਰਿਪੋਰਟ ‘ਤੇ ਕਾਰਵਾਈ ਕਰਦੇ ਹੋਏ ਦੋ ਕਿਸਾਨਾਂ ਤੋਂ 5-5 ਹਜ਼ਾਰ ਰੁਪਏ ਨਗਦ ਜੁਰਮਾਨਾ ਵਸੂਲ ਕੀਤਾ।

ਐਸ ਡੀ ਐਮ ਅਜਨਾਲਾ ਦੀਆਂ ਟੀਮਾਂ ਨੇ ਆਪਣੇ ਇਲਾਕੇ ਵਿਚ 7 ਕਿਸਾਨਾਂ ਦੇ ਪਰਾਲੀ ਸਾੜਨ ਕਰਕੇ ਚਲਾਨ ਕੀਤੇ ਅਤੇ 17500 ਰੁਪਏ ਦਾ ਜੁਰਮਾਨ ਵਸੂਲ ਕੀਤਾ। ਬਾਬਾ ਬਕਾਲਾ ਸਾਹਿਬ ਤਹਿਸੀਲ ਵਿਚ ਤਹਿਸੀਲਦਾਰ ਰੌਬਿਨਜੀਤ ਕੌਰ ਨੇ 6 ਕਸਾਨਾਂ ਦੇ ਚਲਾਨ ਕੱਟੇ ਅਤੇ ਪ੍ਰਤੀ ਕਿਸਾਨ 2500 ਰੁਪਏ ਜੁਰਮਾਨਾ ਮੌਕੇ ‘ਤੇ ਵਸੂਲ ਕੀਤਾ।

ਉਨ੍ਹਾਂ ਸਪੱਸ਼ਟ ਕੀਤਾ ਕਿ ਪਰਾਲੀ ਨੂੰ ਸਾੜਨ ਵਾਲੇ ਕਿਸਾਨਾਂ ਨੂੰ ਕੋਈ ਛੋਟ ਨਹੀਂ ਦਿੱਤੀ ਜਾਵੇਗੀ ਅਤੇ ਜੋ ਵੀ ਕਿਸਾਨ ਪਰਾਲੀ ਸਾੜੇਗਾ, ਉਸ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬਣਦਾ ਜੁਰਮਾਨਾ ਕੀਤਾ ਜਾਵੇਗਾ । ਸਰਹੱਦੀ ਖੇਤਰ ਡੇਰਾ ਬਾਬਾ ਨਾਨਕ ਅਤੇ ਬਲਾਕ ਕਲਾਨੌਰ ਦੇ ਕਈ ਪਿੰਡਾਂ ਵਿੱਚ ਵੀ ਕਾਸ਼ਤਕਾਰਾਂ ਵੱਲੋਂ ਪਰਾਲੀ ਨੂੰ ਅੱਗ ਦੇ ਹਵਾਲੇ ਕੀਤਾ ਗਿਆ।

Share this...
Share on Facebook
Facebook
error: Content is protected !!