ਸੋਨੇ ਦੀ ਚਿੜੀ ਵਾਲੇ ਪੰਜਾਬ ਦੀਆਂ ਕੁਝ 1940 ਵੇਲੇ ਦੀਆਂ ਯਾਦਾਂ

ਪੰਜਾਬ ਪ੍ਰਾਂਤ ਨੂੰ ਸਿੱਖ ਧਰਮ ਦੀ ਜਨਮ-ਭੂਮੀ ਹੋਣ ਦਾ ਗੌਰਵ ਹਾਸਲ ਹੈ । ਇਸ ਵਿਚ ਧਾਰਮਿਕ ਸਹਿਹੋਂਦ ਦੇ ਪ੍ਰਤੀਕ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਹੋਇਆ ਸੀ । ਇਹ ਗੱਲ ਚੰਗੀ ਤਰ੍ਹਾਂ ਮਨ ਵਿਚ ਬਿਠਾ ਲੈਣੀ ਉਚਿਤ ਹੈ ਪੰਜਾਬ ਦੇ ਇਤਿਹਾਸਿਕ ਪਿਛੋਕੜ ਨੂੰ ਸਮਝਣ ਲਈ ਕਿ ਜਿਸ ਨੂੰ ਅਸੀਂ ‘ ਪੰਜਾਬ’ ਆਖਦੇ ਹਾਂ , ਉਸ ਦੀਆਂ ਹੱਦਾਂ ਕਈ ਵਾਰ ਵਧੀਆਂ ਅਤੇ ਕਈ ਵਾਰ ਘਟੀਆਂ , ਇਸ ਵਾਸਤੇ ਉਹ ਕਿਸੇ ਇਕ ਸਥਿਰ ਪ੍ਰਾਦੇਸ਼ਿਕ ਇਕਾਈ ਦਾ ਨਾਂ ਨਹੀਂ ਹੈ ।

ਜੇ ਪਿਛੇ ਵਲ ਨੂੰ ਝਾਤ ਮਾਰੀਏ ਤਾਂ ‘ ਮਹਾਭਾਰਤ ’ ਦੇ ‘ ਭੀਸ਼ਮ ਪਰਵ’ ਦੇ ਆਧਾਰ’ ਤੇ ਸੰਕੇਤ ਮਿਲਦਾ ਹੈ ਕਿ ਕੌਰਵ-ਪਾਂਡਵਾਂ ਦੀ ਲੜਾਈ ਵੇਲੇ ਅਜ ਦਾ ਪੰਜਾਬ ਕਈ ਜਨਪਦਾਂ ਵਿਚ ਵੰਡਿਆ ਹੋਇਆ ਸੀ ਅਤੇ ਇਨ੍ਹਾਂ ਜਨਪਦਾਂ ਦੇ ਰਾਜਿਆਂ ਅਤੇ ਰਾਜਕੁਮਾਰਾਂ ਨੇ ਦੋਹਾਂ ਧਿਰਾਂ ਵਲੋਂ ਯੁੱਧ ਵਿਚ ਭਾਗ ਲਿਆ ਸੀ । ਸਪੱਸ਼ਟ ਹੈ ਕਿ ਉਦੋਂ ਪੰਜਾਬ ਇਕ- ਖੇਤਰੀ ਦੇਸ਼ ਨਹੀਂ ਸੀ । ਈਸਵੀ ਸੰਨ ਦੇ ਸ਼ੁਰੂ ਹੋਣ ਤੋਂ ਲਗਭਗ ਪੰਜ ਸੌ ਸਾਲ ਪਹਿਲਾਂ ਇਸ ਦੇ ਕੁਝ ਹਿੱਸੇ ਈਰਾਨ ਰਾਜ ਅਧੀਨ ਸਨ । ਸਿਕੰਦਰ ਦੇ ਆਕ੍ਰਮਣ ਵੇਲੇ ਵੀ ਇਥੇ ਕੋਈ ਦ੍ਰਿੜ੍ਹ ਰਾਜ-ਵਿਵਸਥਾ ਨਹੀਂ ਸੀ । ਉਦੋਂ ਤ੍ਰਿਗਰਤ , ਗੰਧਾਰ , ਉਰਸਾ , ਅਭਿਸਾਰ ਆਦਿ ਜਨਪਦਾਂ ਤੋਂ ਇਲਾਵਾ ਪੋਰਸ ਅਤੇ ਅੰਭੀ ਵਰਗਿਆਂ ਦਾ ਰਾਜ ਸੀ । ਪਹਿਲੀ ਵਾਰ ਚੰਦਰਗੁਪਤ ਮੌਰਯ ਨੇ ਸਿਕੰਦਰ ਦੇ ਉਤਰਾਧਿਕਾਰੀਆਂ ਤੋਂ ਇਹ ਇਲਾਕਾ ਜਿਤ ਕੇ ਇਸ ਨੂੰ ਸੁਤੰਤਰ ਰਾਜ-ਇਕਾਈ ਬਣਾਇਆ , ਪਰ ਸਮਰਾਟ ਅਸ਼ੋਕ ਦੇ ਉਤਰਾਧਿਕਾਰੀਆਂ ਦੀ ਕਮਜ਼ੋਰੀ ਕਾਰਣ ਇਹ ਇਕਾਈ ਫਿਰ ਭੰਗ ਹੋ ਗਈ ਅਤੇ ਮੁਸਲਮਾਨ ਹਮਲਾਵਰਾਂ ਦੇ ਆਉਣ ਤਕ ਪੰਜਾਬ ਦਾ ਖੇਤਰ ਵਖ ਵਖ ਹਿੱਸਿਆਂ ਵਿਚ ਵੰਡਿਆ ਰਿਹਾ । ਕਦੇ ਇਸ ਦਾ ਪੱਛਮੀ ਭਾਗ ਕਨਿਸ਼ਕ ਦੇ ਅਧੀਨ ਰਿਹਾ , ਕਦੇ ਗੁਪਤ ਰਾਜਿਆਂ ਨੇ ਜੇਹਲਮ ਤਕ ਆਪਣੀਆਂ ਹੱਦਾਂ ਵਧਾਈਆਂ । ਹਰਸ਼ ਵਰਧਨ ਵੀ ਜੇਹਲਮ ਤਕ ਮੁਸ਼ਕਿਲ ਨਾਲ ਵਧ ਸਕਿਆ । ਉਸ ਤੋਂ ਬਾਦ ਕਈ ਸਦੀਆ ਤਕ ਪੰਜਾਬ ਵਿਚ ਅਰਾਜਕਤਾ ਵਾਲੀ ਸਥਿਤੀ ਬਣੀ ਰਹੀ । ਕਈ ਰਾਜੇ ਬਣੇ , ਕਈ ਮਾਰੇ ਗਏ ਅਤੇ ਕਈ ਫਿਰ ਸੱਤਾਧਾਰੀ ਹੋ ਗਏ । ਦਸਵੀਂ ਸਦੀ ਦੇ ਅੰਤ ਵਿਚ ਲਾਹੌਰ ਦੇ ਰਾਜਾ ਜੈਪਾਲ ਨੇ ਲਾਹੌਰ ਨੂੰ ਰਾਜਧਾਨੀ ਬਣਾ ਕੇ ਆਪਣੇ ਰਾਜ ਦੀਆਂ ਸੀਮਾਵਾਂ ਮੁਲਤਾਨ ਅਤੇ ਕਸ਼ਮੀਰ ਤਕ ਵਿਸਤਰਿਤ ਕੀਤੀਆਂ ।

ਇਸ ਤਰ੍ਹਾਂ ਚੰਦਰਗੁਪਤ ਮੌਰਯ ਤੋਂ ਲਗਭਗ 12 ਸਦੀਆਂ ਬਾਦ ਪੰਜਾਬ ਨੂੰ ਫਿਰ ਇਕ ਇਕਾਈ ਬਣਨ ਦਾ ਅਵਸਰ ਮਿਲਿਆ , ਪਰ ਸੰਨ 1004 ਈ. ਤੋਂ 1014 ਈ. ਤਕ ਮਹਿਮੂਦ ਗ਼ਜ਼ਨਵੀ ਨੇ ਪਿਸ਼ਾਵਰ , ਭੇਰਾ , ਲਾਹੌਰ , ਨਗਰਕੋਟ , ਮੁਲਤਾਨ , ਥਾਨੇਸਰ ਆਦਿ ਨਗਰਾਂ ਨੂੰ ਚੰਗੀ ਤਰ੍ਹਾਂ ਲੁਟਿਆ ਅਤੇ ਆਪਣੀ ਬਾਦਸ਼ਾਹੀ ਕਾਇਮ ਕੀਤੀ । ਫਿਰ ਤੋਮਰ ਅਤੇ ਚੌਹਾਨ ਰਾਜਪੂਤਾਂ ਨੇ ਪੰਜਾਬ ਦੇ ਪੂਰਬੀ ਅਤੇ ਦੱਖਣ-ਪੂਰਬੀ ਇਲਾਕਿਆਂ ਵਿਚ ਆਪਣੀਆਂ ਸ਼ਕਤੀਆਂ ਵਧਾਈਆਂ । ਸੰਨ 1192 ਈ. ਵਿਚ ਮੁਹੰਮਦ ਗ਼ੋਰੀ ਨੇ ਪ੍ਰਿਥਵੀ ਰਾਜ ਚੌਹਾਨ ਨੂੰ ਤ੍ਰਾਵੜੀ ਦੇ ਯੁੱਧ ਵਿਚ ਹਾਰ ਦੇ ਕੇ ਦਿੱਲੀ ਤਕ ਦੇ ਇਲਾਕੇ ਨੂੰ ਆਪਣੀ ਹਕੂਮਤ ਵਿਚ ਸ਼ਾਮਲ ਕਰ ਲਿਆ । ਉਸ ਤੋਂ ਬਾਦ ਪੰਜਾਬ ਵਿਚ ਰਾਜਵੰਸ਼ਾਂ ਦੇ ਸੰਘਰਸ਼ ਚਲਦੇ ਰਹੇ , ਕੁਝ ਬਾਹਰੋਂ ਹਮਲੇ ਵੀ ਹੋਏ । ਗੱਲ ਕੀ , ਮੁਗ਼ਲ ਰਾਜ ਦੀ ਕਾਇਮੀ ਤਕ ਪੰਜਾਬ ਵਿਚ ਖ਼ੂਨ-ਖ਼ਰਾਬਾ ਹੀ ਰਿਹਾ । ਗੁਰੂ ਨਾਨਕ ਦੇਵ ਜੀ ਦੇ ਆਗਮਨ ਵੇਲੇ ਪੰਜਾਬ ਲੋਧੀਆਂ ਦੇ ਅਧੀਨ ਸੀ , ਪਰ ਬਾਦ ਵਿਚ ਮੁਗ਼ਲਾਂ ਦੇ ਅਧੀਨ ਹੋ ਗਿਆ । ਸਮੇਂ ਸਮੇਂ ਹੁੰਦੀ ਉਥਲ-ਪੁਥਲ ਨੇ ਪੰਜਾਬ-ਨਿਵਾਸੀਆਂ ਦਾ ਸੁਭਾ ਹੀ ਬਦਲ ਦਿੱਤਾ । ਉਨ੍ਹਾਂ ਦੇ ਇਕ ਹੱਥ ਵਿਚ ਤਲਵਾਰ ਰਹਿੰਦੀ ਸੀ ਅਤੇ ਦੂਜੇ ਹੱਥ ਵਿਚ ਹਲ ਦੀ ਮੁਠ । ਉਨ੍ਹਾਂ ਨੂੰ ਇਹ ਦੋਵੇਂ ਕੰਮ ਆਪਣੀ ਹੋਂਦ ਨੂੰ ਕਾਇਮ ਰਖਣ ਲਈ ਕਰਨੇ ਪੈਂਦੇ ਸਨ । ਸਦਾ ਸੰਕਟ ਵਿਚ ਘਿਰੇ ਰਹਿਣ ਨਾਲ ਕੋਈ ਕੌਮ ਜਾਂ ਤਾਂ ਕਾਇਰ ਬਣ ਕੇ ਸੱਤਾ ਦੇ ਸਾਹਮਣੇ ਹਮੇਸ਼ਾਂ ਲਈ ਆਪਣਾ ਗੌਰਵ ਖ਼ਤਮ ਕਰ ਦਿੰਦੀ ਹੈ ਜਾਂ ਆਤਮ- ਵਿਸ਼ਵਾਸ ਨਾਲ ਆਪਣੀ ਹੋਂਦ ਨੂੰ ਕਾਇਮ ਰਖਣ ਲਈ ਸੰਘਰਸ਼ ਦਾ ਰਾਹ ਫੜਦੀ ਹੈ । ਅਜਿਹੀਆਂ ਸਥਿਤੀਆਂ ਵਿਚੋਂ ਲੰਘਦੇ ਲੰਘਦੇ ਉਸ ਕੌਮ ਦਾ ਸੁਭਾ ਹੀ ਜੁਝਾਰੂ ਹੋ ਜਾਂਦਾ ਹੈ । ਇਸ ਤੋਂ ਇਲਾਵਾ ਹਾਲਾਤ ਨਾਲ ਨਜਿਠਣ ਲਈ ਉਸ ਦੇ ਚਰਿਤ੍ਰ ਵਿਚ ਸਹਿਨਸ਼ੀਲਤਾ ਪੈਦਾ ਹੋ ਜਾਂਦੀ ਹੈ । ਜਿਥੇ ਉਹ ਆਪਣੀ ਗੱਲ ਮੰਨਵਾਉਣਾ ਚਾਹੁੰਦੀ ਹੈ , ਉਥੇ ਦੂਜਿਆਂ ਦੀ ਮੰਨਣ ਲਈ ਉਦਾਰਤਾ ਦਾ ਰਾਹ ਅਪਣਾਉਂਦੀ ਹੈ ।

ਇਸ ਲਈ ਪੰਜਾਬੀ ਕੌਮ ਸਿਰੜੀ ਅਤੇ ਸਹਿਨਸ਼ੀਲ ਬਣ ਗਈ । ਪੰਜਾਬ ਸਮਾਜਿਕ ਤੌਰ ’ ਤੇ ਬਹੁ-ਨਸਲੀ ਅਤੇ ਬਹੁ -ਜਾਤੀ ਪ੍ਰਦੇਸ਼ ਹੈ । ਨੀਗ੍ਰੀਟੋ , ਆਸਟ੍ਰਿਕ ਅਤੇ ਦ੍ਰਾਵਿੜੀਅਨ ਤੋਂ ਬਾਦ ਆਰਯ ਲੋਕ ਪੰਜਾਬ ਵਿਚ ਆਏ ਅਤੇ ਉਨ੍ਹਾਂ ਨੇ ਇਕ ਹਜ਼ਾਰ ਸਾਲ ਤਕ ਪੰਜਾਬ ਵਿਚ ਨਿਰਦੁਅੰਦ ਰੂਪ ਵਿਚ ਸੱਤਾ ਸੰਭਾਲੀ ਰਖੀ । ਪਰ ਉਸ ਤੋਂ ਬਾਦ ਅਗਲੇ ਡੇਢ ਹਜ਼ਾਰ ਸਾਲਾਂ ਵਿਚ ਪੰਜਾਬ ਵਿਚ ਯੂਨਾਨੀ , ਬਾਖ਼ਤਰੀ , ਚੀਨੀ , ਯੂਚੀ , ਕੁਸ਼ਾਣ , ਸ਼ਕ , ਗੁਜਰ ਆਦਿ ਨਸਲਾਂ ਆਉਂਦੀਆਂ ਰਹੀਆਂ । ਫਿਰ ਅਨੇਕ ਕੌਮਾਂ ਦੇ ਮੁਸਲਮਾਨਾਂ ਨੇ ਪੰਜਾਬ ਵਿਚ ਪ੍ਰਵੇਸ਼ ਕੀਤਾ , ਜਿਵੇਂ ਅਵਾਣ , ਸੱਯਦ , ਕੁਰੇਸ਼ੀ , ਪਠਾਣ , ਤੁਰਕ , ਈਰਾਨੀ , ਤੁਰਾਨੀ , ਮੰਗੋਲ , ਮੁਗ਼ਲ ਆਦਿ । ਇਹ ਇਥੇ ਆ ਕੇ ਵਸਦੇ ਗਏ ਅਤੇ ਹੌਲੀ ਹੌਲੀ ਆਪਣੇ ਵਿਦੇਸ਼ੀਪਨ ਨੂੰ ਖ਼ਤਮ ਕਰਦੇ ਗਏ । ਇਸ ਤਰ੍ਹਾਂ ਪੰਜਾਬ ਨਸਲਾਂ’ ਤੇ ਕੌਮਾਂ ਦਾ ਅਜਾਇਬ ਘਰ ਬਣ ਗਿਆ । ਸਹਿਹੋਂਦ ਦੇ ਅਹਿਸਾਸ ਕਾਰਣ ਅਤੇ ਧਰਮ ਦੇ ਬਲ ਪੂਰਵਕ ਪਰਿਵਰਤਨ ਕਰਕੇ ਕੌਮਾਂ ਜਾਂ ਨਸਲਾਂ ਦੇ ਪਛਾਣ-ਚਿੰਨ੍ਹ ਖ਼ਤਮ ਹੁੰਦੇ ਗਏ । ਹੁਣ ਪੰਜਾਬ ਵਿਚ ਕਿਸੇ ਵੀ ਕੌਮ ਦੇ ਸ਼ੁੱਧ ਸਰੂਪ ਨੂੰ ਲਭਣਾ ਸਰਲ ਨਹੀਂ ਰਿਹਾ । ਅਨੇਕ ਕੌਮਾਂ ਦਾ ਜਿਹੋ ਜਿਹਾ ਤਾਲ-ਮੇਲ ਅਤੇ ਅੰਤਰ- ਸੰਬੰਧ ਪੰਜਾਬ ਵਿਚ ਹੋਇਆ ਉਤਨਾ ਹਿੰਦੁਸਤਾਨ ਦੇ ਕਿਸੇ ਹੋਰ ਪ੍ਰਦੇਸ਼ ਵਿਚ ਨਹੀਂ ਹੋਇਆ । ਇਸ ਮੇਲ-ਜੋਲ ਦਾ ਪ੍ਰਭਾਵ ਭਾਸ਼ਾ , ਸਮਾਜਿਕ ਰੀਤਾਂ-ਰਵਾਜਾਂ , ਧਾਰਮਿਕ ਅਨੁਸ਼ਠਾਨਾਂ ਉਤੇ ਪਿਆ , ਪਰ ਰਾਜਨੈਤਿਕ ਦੁਰਵਿਵਸਥਾ ਕਾਰਣ ਕਿਤੇ ਵੀ ਇਨ੍ਹਾਂ ਦੇ ਪ੍ਰਚਾਰ-ਪ੍ਰਸਾਰ ਲਈ ਕੋਈ ਸਥਾਈ ਕੇਂਦਰ ਨ ਬਣ ਸਕਿਆ । ਇਸ ਲਈ ਕਿਸੇ ਦਾ ਵੀ ਕੋਈ ਰੂੜ੍ਹ ਰੂਪ ਪ੍ਰਚਲਿਤ ਨ ਹੋ ਸਕਿਆ । ਧਰਮ-ਪਰਿਵਰਤਨ ਸਮੂਹਿਕ ਘਟ ਅਤੇ ਕੁਝ ਕੁਝ ਪਰਿਵਾਰਾਂ ਜਾਂ ਖ਼ਾਨਦਾਨਾਂ ਤਕ ਸੀਮਿਤ ਅਧਿਕ ਸੀ । ਇਨ੍ਹਾਂ ਦੇ ਭਾਈਚਾਰਿਕ ਕਾਰ-ਵਿਵਹਾਰ ਆਪਣੇ ਪਹਿਲੇ ਸੰਬੰਧੀਆਂ ਨਾਲ ਵੀ ਚਲਦੇ ਰਹਿੰਦੇ । ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਵੇਲੇ ਪੰਜਾਬ ਸਮਾਜਿਕ ਤੌਰ’ ਤੇ ਸੰਯੁਕਤ ਭਾਈਚਾਰੇ ਦਾ ਪ੍ਰਦੇਸ਼ ਸੀ । ਇਸ ਵਿਚ ਜੇ ਕੋਈ ਨਿਖੇੜ-ਰੇਖਾ ਖਿਚੀ ਜਾ ਸਕਦੀ ਸੀ ਤਾਂ ਕੇਵਲ ਧਰਮ ਦੇ ਆਧਾਰ’ ਤੇ । ਗੁਰੂ ਨਾਨਕ ਦੇਵ ਜੀ ਦੇ ਆਗਮਨ ਵੇਲੇ ਪੰਜਾਬ ਵਿਚ ਮੁੱਖ ਤੌਰ’ ਤੇ ਦੋ ਹੀ ਧਰਮ ਸਨ— ਹਿੰਦੂ ਅਤੇ ਮੁਸਲਮਾਨ । ਹਿੰਦੁਸਤਾਨ ਦੇ ਸਾਰੇ ਨਿਵਾਸੀ ਆਮ ਤੌਰ’ ਤੇ ਹਿੰਦੂ ਹੀ ਸਮਝੇ ਜਾਂਦੇ ਸਨ , ਚਾਹੇ ਉਹ ਬੌਧੀ ਹੋਣ , ਚਾਹੇ ਜੈਨੀ , ਚਾਹੇ ਉਨ੍ਹਾਂ ਦਾ ਸੰਬੰਧ ਵੈਸ਼ਣਵ-ਪਰੰਪਰਾ ਨਾਲ ਹੋਵੇ ਅਤੇ ਚਾਹੇ ਸ਼ਿਵ-ਸ਼ਕਤੀ ਦੇ ਉਪਾਸਕ ਹੋਣ । ਇਸੇ ਤਰ੍ਹਾਂ ਕਿਸੇ ਵੀ ਦੇਸ਼ , ਜਾਤਿ ਅਤੇ ਨਸਲ ਵਾਲੇ ਮੁਸਲਮਾਨ ਕੇਵਲ ਮੁਸਲਮਾਨ ਹੀ ਸਮਝੇ ਜਾਂਦੇ ਸਨ ।

ਇਸਲਾਮ ਦੇ ਪ੍ਰਚਾਰ ਲਈ ਮੁਸਲਮਾਨ ਜਿਧਰ ਵੀ ਗਏ , ਜਿਸ ਦੇਸ਼ ਉਤੇ ਵੀ ਉਨ੍ਹਾਂ ਨੇ ਕਬਜ਼ਾ ਕੀਤਾ , ਸਭ ਨੂੰ ਸਾਮੂਹਿਕ ਤੌਰ’ ਤੇ ਇਸਲਾਮ ਦਾ ਅਨੁਯਾਈ ਬਣਾ ਦਿੱਤਾ ਅਤੇ ਅਗੋਂ ਹੋਰ ਮੁਹਿੰਮਾਂ ਚਲਾਉਣ ਲਈ ਉਨ੍ਹਾਂ ਨੂੰ ਨਾਲ ਲੈ ਲਿਆ । ਉਨ੍ਹਾਂ ਵਿਚ ਕਈ ਅਜਿਹੇ ਵੀ ਸਨ ਜਿਨ੍ਹਾਂ ਦੇ ਜ਼ੁਲਮਾਂ ਦੇ ਵੇਰਵਿਆਂ ਨੇ ਇਤਿਹਾਸ ਦੇ ਪੰਨੇ ਲਾਲ ਕਰ ਦਿੱਤੇ । ਪਰ ਹਿੰਦੁਸਤਾਨ ਵਿਚ ਅਜਿਹਾ ਨ ਹੋ ਸਕਿਆ । ਇਸ ਦੇ ਕਈ ਕਾਰਣ ਹੋ ਸਕਦੇ ਹਨ । ਇਕ ਇਹ ਕਿ ਇਹ ਬਹੁਤ ਵਿਸ਼ਾਲ ਦੇਸ਼ ਸੀ , ਇਸ ਲਈ ਸਭ ਨੂੰ ਸਖ਼ਤੀ ਨਾਲ ਦਬਾਇਆ ਜਾ ਸਕਣਾ ਸੰਭਵ ਨਹੀਂ ਸੀ । ਦੂਜਾ , ਹਿੰਦੂ ਧਰਮ ਦੇ ਵਰਣਾਸ਼੍ਰਮ ਵਿਧਾਨ ਨੇ ਲੋਕਾਂ ਨੂੰ ਇਤਨਾ ਧਰਮ-ਭੀਰੂ ਬਣਾ ਦਿੱਤਾ ਸੀ ਕਿ ਉਹ ਧਰਮ ­ ਪਰਿਵਰਤਨ ਦੀ ਗੱਲ ਨੂੰ ਗ੍ਰਹਿਣ ਕਰਨ ਲਈ ਤੁਰਤ ਤਿਆਰ ਨਹੀਂ ਹੋ ਸਕਦੇ ਸਨ । ਇਸ ਸੰਦਰਭ ਵਿਚ ਮਨੂ ਦੇ ਜਾਤਿਵਾਦ ਦੀ ਉਪਯੋਗਿਤਾ ਦਾ ਅਹਿਸਾਸ ਹੋ ਸਕਦਾ ਹੈ । ਤੀਜਾ , ਹਿੰਦੁਸਤਾਨ ਵਿਚ ਅਨੇਕ ਜੰਗਜੂ ਜਾਤੀਆਂ ਦੇ ਰਹਿਣ ਕਾਰਣ ਉਨ੍ਹਾਂ ਵਲੋਂ ਸਦਾ ਕ੍ਰਾਂਤੀ ਕਰਨ ਦਾ ਡਰ ਬਣਿਆ ਰਹਿੰਦਾ ਸੀ । ਹਿੰਦੁਸਤਾਨੀਆਂ ਦੀਆਂ ਹਾਰਾਂ ਦਾ ਜੇ ਵਿਸ਼ਲੇਸ਼ਣ ਕਰੀਏ ਤਾਂ ਇਨ੍ਹਾਂ ਦੀ ਬਹਾਦਰੀ’ ਤੇ ਕਿਸੇ ਪ੍ਰ੍ਰਕਾਰ ਦਾ ਕੋਈ ਪ੍ਰਸ਼ਨ ਚਿੰਨ੍ਹ ਨਹੀਂ ਲਗਦਾ । ਜੇ ਕੋਈ ਘਾਟ ਦ੍ਰਿਸ਼ਟੀਗੋਚਰ ਹੁੰਦੀ ਹੈ ਤਾਂ ਏਕੇ ਦੀ ਭਾਵਨਾ ਦੀ । ਇਨ੍ਹਾਂ ਨੇ ਕਦੇ ਵੀ ਸੰਗਠਿਤ ਹੋ ਕੇ ਕਿਸੇ ਵੈਰੀ ਦਾ ਮੁਕਾਬਲਾ ਨਹੀਂ ਕੀਤਾ , ਇਕਲੇ ਇਕਲੇ ਮਾਰ ਖਾਂਦੇ ਰਹੇ । ਚੌਥਾ , ਹੋਰਨਾਂ ਦੇਸ਼ਾਂ ਵਿਚ ਜਾ ਕੇ ਲੁਟ ਮਾਰ ਕਰਨਾ ਹਿੰਦੁਸਤਾਨੀਆਂ ਦੇ ਸੁਭਾ ਵਿਚ ਨਹੀਂ ਸੀ ਕਿਉਂਕਿ ਇਹ ਰਜੇ-ਪੁਜੇ ਅਤੇ ਭਰੇ- ਪੂਰੇ ਦੇਸ਼ ਦੇ ਵਾਸੀ ਸਨ ਅਤੇ ਕਿਸੇ ਪ੍ਰਕਾਰ ਦੇ ਅਭਾਵ ਦੀ ਭਾਵਨਾ ਇਨ੍ਹਾਂ ਦੇ ਮਨ ਵਿਚ ਨਹੀਂ ਸੀ । ਅਹਿੰਸਾ ਦੀ ਭਾਵਨਾ ਇਸੇ ਦੇਸ਼ ਨੇ ਪ੍ਰਸਾਰਿਤ ਕੀਤੀ ਸੀ ।

Share this...
Share on Facebook
Facebook
0