ਸੁਖਪਾਲ ਸਿੰਘ ਖਹਿਰਾ ਅੰਮ੍ਰਿਤ ਛਕਣ ਦੀਆਂ ਕਰ ਰਹੇ ਨੇ ਤਿਆਰੀਆਂ

ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ 14 ਅਕਤੂਬਰ ਨੂੰ ਬਰਗਾੜੀ ਵਿਖੇ ਕੀਤੇ ਗਏ ਸਮਾਗਮ ਵਿੱਚ ਖਹਿਰਾ ਵਲੋਂ ਦਿੱਤੇ ਗਏ ਸੱਦੇ ਤੇ ਉਨ੍ਹਾਂ ਦੀਆਂ ਹਮਖਿਆਲੀ ਪਾਰਟੀਆਂ ਨੇ ਹੁੰਗਾਰਾ ਭਰਿਆ ਤੇ ਬਰਗਾੜੀ ਵਿੱਚ ਉਹ ਸਾਰੇ ਲੋਕ ਭਾਰੀ ਇਕੱਠ ਕਰਨ ਵਿੱਚ ਕਾਮਯਾਬ ਰਹੇ ਉਸਨੂੰ ਦੇਖਦਿਆਂ ਖਹਿਰਾ ਦੇ ਵਿਰੋਧੀਆਂ ਵਲੋਂ ਕੀਤੇ ਜਾ ਰਹੇ ਉਕਤ ਦਾਅਵਿਆਂ ਦੀ ਫੂਕ ਨਿਕਲ ਗਈ ਹੈ। ਅੱਜ ਸੁਖਪਾਲ ਖਹਿਰਾ ਨਾਲ ਜੁੜੀਆਂ ਜਿੰਨੀਆਂ ਵੀ ਖਬਰਾਂ ਪੈ ਰਹੀਆਂ ਹਨ।

ਜਿਸ ਤਰ੍ਹਾਂ ਖਹਿਰਾ ਦੇ ਹੱਕ ਵਿੱਚ ਉਸ ਉੱਤੇ ਦੁਨੀਆਂ ਭਰ ਦੇ ਪੰਜਾਬੀਆਂ ਤੇ ਖਾਸ ਕਰ ਗਰਮਖਿਆਲੀ ਸਿੱਖਾਂ ਵਲੋਂ ਕੁਮੈਂਟ ਕੀਤੇ ਜਾ ਰਹੇ ਹਨ ਉਸ ਨੂੰ ਦੇਖਦਿਆਂ ਹੁਣ ਇਹ ਕਿਆਸ ਲਾਏ ਜਾ ਰਹੇ ਹਨ ਕਿ ਸੁਖਪਾਲ ਖਹਿਰਾ ਆਉਣ ਵਾਲੇ ਸਮੇਂ ਵਿੱਚ ਬਹੁਤ ਜਲਦ ਗੁਰੂ ਵਾਲੇ ਬਣਨ ਜਾ ਰਹੇ ਹਨ। ਅਜਿਹਾ ਇਸ ਲਈ ਵੀ ਕਿਹਾ ਜਾ ਰਿਹਾ ਹੈ ਕਿਉਂਕਿ ਸੁਖਪਾਲ ਖਹਿਰਾ ਦੇ ਚਿਹਰੇ ਦਾ ਮੁਹਾਂਦਰਾ ਵੀ 7 ਅਕਤੂਬਰ ਤੋਂ ਪਹਿਲਾਂ ਅਤੇ ਉਸ ਤੋਂ ਬਾਅਦ ਬਦਲਦਾ ਜਾ ਰਿਹਾ ਹੈ। ਸੁਖਪਾਲ ਖਹਿਰਾ ਨੂੰ ਪਿਆਰ ਕਰਨ ਵਾਲੇ ਅਤੇ ਉਨ੍ਹਾਂ ਨੂੰ ਬਹੁਤ ਗੌਰ ਨਾਲ ਵੇਖਣ ਵਾਲੇ ਲੋਕਾਂ ਅਨੁਸਾਰ ਇਨ੍ਹੀਂ ਦਿਨੀਂ ਦਾੜ੍ਹੀ ਵਧਾਉਣੀ ਖਹਿਰਾ ਵਲੋਂ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਉਨ੍ਹਾਂ ਵਲੋਂ ਦਾੜ੍ਹੀ ਤੇ ਰੰਗ ਲਗਾ ਕੇ ਉਸ ਨੂੰ ਕਾਲਾ ਕਰਨਾ ਵੀ ਛੱਡ ਦਿੱਤਾ ਗਿਆ ਹੈ।

ਹੁਣ ਜੇਕਰ ਇਸ ਗੱਲ ਦੀ ਸਿਆਸੀ ਪਹਿਲੂ ਵਾਲੀ ਚੱਕਰੀ ਘੁਮਾਈਏ ਤਾਂ ਇਸ ਚੱਕਰੀ ਦੇ ਰੁਕਣ ਤੇ ਸਾਨੂੰ ਪਤਾ ਲੱਗੇਗਾ ਕਿ ਸਿੱਖ ਲੀਡਰਾਂ ਦੇ ਆਲੇ ਦੁਆਲੇ ਘੁੰਮਦੀ ਪੰਜਾਬ ਦੀ ਸਿਆਸਤ ਰਹੀ ਹੈ। ਇਸ ਵਿੱਚ ਭਾਵੇਂ ਪ੍ਰਕਾਸ਼ ਸਿੰਘ ਬਾਦਲ ਨੂੰ ਦੇਖਿਆ ਜਾਵੇ ਤਾਂ ਉਹ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਹਨ ਤੇ ਪੂਰੇ ਸਿੱਖੀ ਸਰੂਪ ਵਿੱਚ ਹਨ। ਦੋ ਵਾਰ ਪੰਜਾਬ ਦੀ ਸੱਤਾ ਤੇ ਕੈਪਟਨ ਅਮਰਿੰਦਰ ਸਿੰਘ ਕਾਬਜ਼ ਹੋਏ ਹਨ ਤੇ ਉਹ ਵੀ ਪੂਰੇ ਸਿੱਖੀ ਸਰੂਪ ਵਿੱਚ ਹਨ। ਸੁਖਬੀਰ ਬਾਦਲ ਭਾਵੇਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਨ ਪਰ ਵਿੱਚ-ਵਿੱਚ ਰਹਿ ਰਹਿ ਕੇ ਉਨ੍ਹਾਂ ਨੂੰ ਸਿਆਸੀ ਚੂੰਡੀਆਂ ਵੱਢੀਆਂ ਜਾਂਦੀਆਂ ਹਨ ਕਿ ਸਿੱਖਾਂ ਦੀ ਪਾਰਟੀ ਦੀ ਨੁਮਾਇੰਦਗੀ ਕਰਨ ਵਾਲੇ ਸੁਖਬੀਰ ਨੇ ਆਪ ਖੁਦ ਅੰਮ੍ਰਿਤ ਛੱਕ ਕੇ ਭੰਗ ਕਰ ਦਿੱਤਾ ਹੈ।

ਇਸਦੇ ਪਿੱਛੇ ਕਹਾਣੀ ਇਹ ਹੈ ਕਿ ਇਸ ਵੇਲੇ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਕਾਬਜ਼ ਹੈ ਤੇ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਨੁਮਾਇੰਦਾ ਜੱਥੇਬੰਦੀ ਮੰਨੀ ਜਾਂਦੀ ਹੈ। ਸ਼ਾਇਦ ਇਸੇ ਲਈ ਪੰਥ ਖਤਰੇ ਵਿੱਚ ਹੈ, ਦੀ ਦੁਹਾਈ ਦੇ ਕੇ ਪ੍ਰਕਾਸ਼ ਸਿੰਘ ਬਾਦਲ ਹੁਣ ਤੱਕ ਪੰਜ ਵਾਰ ਸੱਤਾ ’ਤੇ ਕਾਬਜ਼ ਵੀ ਰਹੇ ਹਨ। ਕੁੱਲ ਮਿਲਾ ਕੇ ਇਨ੍ਹਾਂ ਗੱਲਾਂ ਦਾ ਨਤੀਜਾ ਇਹ ਨਿਕਲਦਾ ਹੈ ਕਿ ਪੰਜਾਬ ਦੀ ਸਿਆਸਤ ਪੂਰਨ ਸਿੱਖੀ ਸਰੂਪ ਵਾਲਾ ਲੀਡਰ ਭਾਲਦੀ ਹੈ, ਤੇ ਕਿਉਂਕਿ ਪੰਜਾਬ ਦੀ ਸਿਆਸਤ ਉੱਤੇ ਸੁਖਪਾਲ ਖਹਿਰਾ ਬੜੀ ਤੇਜ਼ੀ ਨਾਲ ਛਾਂਦੇ ਜਾ ਰਹੇ ਹਨ, ਸਿੱਖ ਜੱਥੇਬੰਦੀਆਂ ਨਾਲ ਸਟੇਜਾਂ ਵੀ ਸਾਂਝੀਆਂ ਕਰ ਰਹੇ ਹਨ ਤੇ ਦੁਨੀਆਂ ਭਰ ’ਚ ਬੈਠੇ ਨਰਮ ਅਤੇ ਗਰਮ ਖਿਆਲੀ ਸਿੱਖ ਖਹਿਰਾ ਦੀਆਂ ਨੀਤੀਆਂ ਨਾਲ ਸਹਿਮਤ ਹਨ ਇਸ ਲਈ ਇਨ੍ਹਾਂ ਜੱਥੇਬੰਦੀਆਂ ਨੂੰ ਨਾਲ ਜੋੜ ਕੇ ਰੱਖਣ ਲਈ ਖਹਿਰਾ ਉੱਤੇ ਇਹ ਦਬਾਅ ਬਣਦਾ ਜਾ ਰਿਹਾ ਹੈ ਕਿ ਉਹ ਪੂਰਨ ਸਿੱਖੀ ਸਰੂਪ ਵਿੱਚ ਆਉਣ ਅਤੇ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣਨ।

ਵੈਸੇ ਇਸ ਸਬੰਧ ਵਿੱਚ ਮੀਡੀਆ ਦੇ ਇੱਕ ਹਲਕੇ ਵਲੋਂ ਸੁਖਪਾਲ ਖਹਿਰਾ ਨੂੰ ਗੁਰੂ ਵਾਲਾ ਬਣਨ ਸਬੰਧੀ ਸਵਾਲ ਵੀ ਕੀਤਾ ਗਿਆ ਸੀ ਜਿਸਦਾ ਖਹਿਰਾ ਨੇ ਇਹ ਕਹਿੰਦਿਆਂ ਅੱਗੋਂ ਸਵਾਲ ਕਰ ਦਿੱਤਾ ਕਿ ਕੀ ਇਸ ਨਾਲ ਕਿਸੇ ਨੂੰ ਕੋਈ ਇਤਰਾਜ਼ ਹੈ? ਇੱਕ ਲਾਈਨ ਦੇ ਇਸ ਉੱਤਰ ਨੇ ਲੋਕਾਂ ਨੂੰ ਸੁਖਪਾਲ ਖਹਿਰਾ ਦੇ ਤੇਜ਼ੀ ਨਾਲ ਬਦਲ ਰਹੇ ਮੁਹਾਂਦਰੇ ਵੱਲ ਬੜੀ ਗੌਰ ਨਾਲ ਦੇਖਣ ਲਈ ਮਜ਼ਬੂਰ ਕਰ ਦਿੱਤਾ ਹੈ। ਹੁਣ ਇਸਨੂੰ ਆਉਣ ਵਾਲੀਆਂ 2019 ਦੀਆਂ ਵੋਟਾਂ ਦੀ ਤਿਆਰੀ ਕਹਿ ਲਵੋ ਜਾਂ ਬਰਗਾੜੀ ਅਤੇ ਕੋਟਕਪੁਰਾ ਰੋਸ ਮਾਰਚ ਦੇ ਇਕੱਠ ਵਿੱਚ ਸਿੱਖ ਸੰਗਤ ਦਾ ਅਸਰ। ਪਰ ਜੇਕਰ ਸੁਖਪਾਲ ਖਹਿਰਾ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣਦੇ ਹਨ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਹ ਨਾ ਸਿਰਫ਼ ਆਪਣੇ ਵਿਰੋਧੀਆਂ ਨੂੰ ਕਰਾਰਾ ਜਵਾਬ ਦੇਣਗੇ ਬਲਕਿ ਵੱਡੀ ਤਦਾਦ ਵਿੱਚ ਸਿੱਖ ਵੋਟ ਉਨ੍ਹਾਂ ਨਾਲ ਹੋਰ ਜੁਣਨ ਦੀ ਸੰਭਾਵਨਾ ਵੱਧ ਜਾਵੇਗੀ।

Share this...
Share on Facebook
Facebook
error: Content is protected !!