ਸਾਰਿਆਂ ਦੇ ਸਾਹਮਣੇ ਬਾਦਲ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਕਰਾਇਆ ਸੀ ਚੁੱਪ

ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਖੀਰ ਵਿਚ ਉੱਠੇ, ਮਹਾਰਾਜ ਅੱਗੇ ਮੱਥਾ ਟੇਕਿਆ ਤੇ ਮਾਈਕ ਅੱਗੇ ਆਏ। ਹੱਥ ਜੋੜ ਕੇ ਫਤਹਿ ਬੁਲਾਈ, ਸ਼ੁਕਰਾਨੇ ਦੇ ਸ਼ਬਦ ਕਹੇ ਸੰਗਤ ਦੀਆਂ ਅਸੀਸਾਂ ਦੀ ਕਾਮਨਾ ਕੀਤੀ। ਕੌਡੀਆਂ ਦੀ ਟੁਣਕਾਰ ਵਾਂਗ ਇਕ ਇਕ ਸ਼ਬਦ ਸ਼ਪੱਸ਼ਟ ਸੀ ਤੇ ਸਾਦਾ ਸੀ। ਕਿਸੇ ਇਕ ਵਾਕ ਦੀ ਬਣਤਰ ਨਹੀਂ ਵਿਗੜੀ,ਕੋਈ ਵਾਕ ਦੁਹਰਾਇਆ ਨਹੀ, ਹੱਥ ਵਿਚ ਕੋਈ ਲਿਸਟ ਨਹੀ ਲਈ ਜਿਸ ਦਾ ਸਹਾਰਾ ਲੈ ਕੇ ਹਰ ਮੁੱਦੇ, ਹਰ ਵਿਅਕਤੀ, ਹਰ ਸੰਸਥਾ ਬਾਰੇ ਕੁਝ ਕਿਹਾ ਜਾ ਸਕੇ।

ਪਰ ਜਿਸ ਦਾ ਧੰਨਵਾਦ ਨਾ ਕੀਤਾ ਗਿਆ ਹੋਵੇ ਅਜਿਹੀ ਕੋਈ ਸੰਸਥਾ ਨਹੀ ਸੀ । ਅਖੀਰ ਵਿਚ ਜਿਕਰ ਆ ਗਿਆ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਦਾ ਸ਼ੁਕਰਾਨਾ ਤਾਂ ਕੀਤਾ ਪਰ ਅਜਿਹਾ ਕਰਦਿਆਂ ਹੋਇਆਂ ਕਿਹਾ ”ਬਾਦਲ ਸਾਹਿਬ ਨੇ ਫੁਰਮਾਇਆ ਹੈ ਕਿ ਟਕਸਾਲ ਜੋ ਮੰਗੇਗੀ ਦਿਆਂਗੇ। ਇਸ ਬਾਰੇ ਅਸੀਂ ਇਹ ਅਰਜ਼ ਕਰਨੀ ਹੈ ਕਿ ਦਮਦਮੀ ਟਕਸਾਲ ਮੰਗਤਿਆਂ ਦੀ ਸੰਸਥਾ ਨਹੀ।

ਇਹ ਤਾਂ ਗੁਰੂ ਦਸ਼ਮੇਸ਼ ਪਿਤਾ ਜੀ ਦੀ ਟਕਸਾਲ ਹੈ ਜਿਸ ਦੀ ਸੇਵਾ ਕਰਨ ਲਈ ਸਾਡੇ ਵਰਗੇ ਅਨੇਕਾਂ ਆਏ ਤੇ ਆਉਂਦੇ ਰਹਿਣਗੇ। ਸਾਡਾ ਦਾਤਾ ਉਹੀ ਹੈ ਤੇ ਇੱਕੋ ਹੈ ਬੋਲਾਂ ਰਾਹੀਂ ਦੱਸ ਨਹੀ ਹੁੰਦਾ ਸਾਨੂੰ ਮਹਾਰਾਜ ਨੇ ਇੰਨਾ ਕੁਝ ਦਿੱਤਾ ਹੈ। ਸਾਡੇ ਪਿਤਾ ਨੇ ਕੁਝ ਮੁਸ਼ਕਲਾਂ, ਕੁਝ ਸੰਕਟ ਤਾਂ ਸਾਡੇ ਤੋਂ ਟਾਲ ਲਏ ਹਨ, ਸਾਨੂੰ ਅਨੰਤ ਸ਼ਾਨਾਂ ਦੇ ਮਾਲਕ ਬਣਾਇਆ ਹੈ। ਬਾਦਲ ਸਾਹਿਬ ਨੂੰ ਕਿਸੇ ਵਸਤੂ ਦੀ ਲੋੜ ਪਵੇ, ਉਹ ਇੱਥੋਂ ਟਕਸਾਲ ਪਾਸੋਂ ਮੰਗਣ , ਅਸੀਂ ਹੁਣੇ ਪੂਰਤੀ ਕਰਨ ਦਾ ਐਲਾਨ ਕਰਾਂਗੇ।”

ਕੋਈ ਲਹਿਰ ਜਿਹੀ ਸੰਗਤ ਵਿਚ ਦੀ ਲੰਘਦੀ ਪਰਤੀਤ ਹੋਈ, ਕੈਮਰਿਆਂ ਵਾਲੇ ਹਰਕਤਾਂ ਵਿਚ ਆਏ ਤੇ ਪੱਤਰਕਾਰਾਂ ਦੀਆਂ ਕਲਮਾਂ ਨੇ ਤੇਜ਼ੀ ਫੜੀ। ਅਰਦਾਸ ਉਪਰੰਤ ਲੰਗਰ ਛਕਦੇ ਹੋਏ ਸਾਰਿਆਂ ਸਿੱਖਾਂ ਨੂੰ ਅਹਿਸਾਸ ਹੋਣ ਲੱਗਾ ਕਿ ਜਰਨੈਲ ਸਿੰਘ ਨਾਮ ਦਾ ਇਹ ਜੁਆਨ ਆਮ ਨਹੀ ਹੈ।” – ਪ੍ਰੋਫੈਸਰ ਹਰਪਾਲ ਸਿੰਘ ਪੰਨੂ ਦੇ ਆਪਣੇ ਲੇਖ ” ਦੂਰੋਂ ਵੇਖਿਆ ਸੰਤ ਜਰਨੈਲ ਸਿੰਘ” ਵਿਚੋਂ ਧੰਨਵਾਦ ਸਹਿਤ।

Share this...
Share on Facebook
Facebook
error: Content is protected !!