ਜੇ ਕਰਵਾਚੌਥ ਵਾਲੇ ਦਿਨ ਭੁੱਖੇ ਰਹਿਣ ਨਾਲ ਉਮਰ ਵਧਦੀ ਹੋਵੇ ਤਾਂ ਇਹ ਨਾ ਹੋਵੇ

ਅਫ਼ਸੋਸ ਦੀ ਗੱਲ ਤਾਂ ਇਹ ਹੈ, ਕਿ ਬਹੁ ਗਿਣਤੀ ਦੇ ਸਭਿਆਚਾਰ ਦੇ ਪ੍ਰਭਾਵ ਹੇਠ ਸਿੱਖ ਬੀਬੀਆਂ ਵੀ ਇਸ ਫੋਕੇ ਕਰਮਕਾਂਡ ਨੂੰ ਦੇਖਾ ਦੇਖੀ ਅਪਣਾ ਰਹੀਆਂ ਹਨ ਅਤੇ ਸਾਰੀਆਂ ਰਸਮਾਂ ਰੀਤਾਂ ਹਿੰਦੂ ਇਸਤਰੀਆਂ ਵਾਂਗ ਹੀ ਕਰਦੀਆਂ ਹਨ। ਇਉਂ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਗੁਰੂ ਸਾਹਿਬਾਨ ਦੀਆਂ ਮਹਾਨ ਸਿਖਿਆਵਾਂ ਨਾਲੋਂ, ਆਪਣੀ ਮਹਾਨ ਵਿਰਾਸਤ ਅਤੇ ਲਾਸਾਨੀ ਸ਼ਭਿਆਚਾਰ ਨਾਲੋਂ ਪੁਰਾਣਾ ਦੀਆਂ ਕਾਲਪਨਿਕ ਕਹਾਣੀਆਂ ਸਿੱਖ ਬੀਬੀਆਂ ਲਈ ਜ਼ਿਆਦਾ ਮਹਤੱਵਪੂਰਨ ਬਣ ਗਈਆਂ ਹਨ।

ਬਹੁ ਗਿਣਤੀ ਦਾ ਸਭਿਆਚਾਰ ਜੋ ਕਿ ਮੀਡਿਏ ਰਾਹੀਂ ਪ੍ਰਚਾਰਿਆ ਪ੍ਰਸਾਰਿਆ ਜਾਂਦਾ ਹੈ ਉਸ ਦਾ ਸਭ ਤੋਂ ਜ਼ਿਆਦਾ ਅਸਰ ਔਰਤਾਂ ਕਬੂਲਦੀਆਂ ਹਨ। ਇਸੇ ਪ੍ਰਭਾਵ ਨੂੰ ਸਿੱਖ ਬੀਬੀਆਂ ਵੀ ਅਪਣਾਈ ਜਾ ਰਹੀਆਂ ਹਨ ਜੋ ਕਿ ਗੁਰਮਤਿ ਸਿਧਾਂਤ ਤੋਂ ਉਲਟ ਹੈ।ਗੁਰਬਾਣੀ ਅਸੂਲਾਂ ਅਨੁਸਾਰ ਮਨੁੱਖ ਨੂੰ ਜਿਤਨਾ ਜੀਵਨ ਪ੍ਰਾਪਤ ਹੋਇਆ ਹੈ ਉਸ ਨੂੰ ਚੰਗੇ ਢੰਗ ਨਾਲ ਜਿਉਣਾ ਚਾਹੀਦਾ ਹੈ ਨੇਕ ਕਰਮ ਅਤੇ ਸੱਚ ਨਾਲ ਜੁੜੇ ਰਹਿਣਾ ਚਾਹੀਦਾ ਹੈ। ਜੀਵਨ ਥੋੜਾ ਜਾਂ ਬਹੁਤਾ ਹੋਵੇ ਜੇ ਕਰ ਸੋਹਣੇ ਤਰੀਕੇ ਨਾਲ ਉਸ ਨੂੰ ਜੀਵਿਆ ਜਾਵੇ ਤਾਂ ਉਹ ਸਫਲਾ ਅਤੇ ਸਾਰਥਕ ਹੁੰਦਾ ਹੈ। ਪਰ ਜੇਕਰ ਹਜ਼ਾਰਾਂ ਸਾਲ ਦੀ ਉਮਰ ਵੀ ਪ੍ਰਾਪਤ ਹੋ ਜਾਵੇ ਪਰ ਜੇ ਉਹ ਪਸ਼ੂ ਬਿਰਤੀਆਂ ਵਿਚ ਹੀ ਬਤੀਤ ਹੁੰਦੀ ਹੈ ਤਾਂ ਇਤਨੀ ਲੰਮੀ ਉਮਰ ਵੀ ਕਿਸੇ ਅਰਥ ਨਹੀਂ ਗੁਰੂ ਨਾਨਕ ਸਾਹਿਬ ਦੇ ਇਸ ਮਹਾਨ ਵੀਚਾਰ ਨੂੰ ਧਿਆਨ ਹਿਤ ਰੱਖਣਾ ਚਾਹੀਦਾ ਹੈ। ਵਰਤ ਕਿੰਨੇ ਹਨ ਅਤੇ ਕਦੋਂ ਕਦੋਂ ਰੱਖੇ ਜਾਂਦੇ ਹਨ ਉਹਨਾਂ ਬਾਰੇ ਪੱਕਾ ਨਹੀਂ ਕਿਹਾ ਜਾ ਸਕਦਾ।ਕਿਉਂਕਿ ਵਰਤਾਂ ਦਾ ਕਰਮ ਕਾਂਡ ਇਨਾਂ ਪਸਾਰੇ ਵਾਲਾ ਹੈ ਕਿ ਇਹਨਾਂ ਦੀ ਗਿਣਤੀ ਕਰਨੀ ਹੀ ਅਸੰਭਵ ਹੈ। ਵਰਤ ਤੋਂ ਭਾਵ ਹੈ ੳਪਵਾਸ-ਕਿਸੇ ਖ਼ਾਸ ਸਮੇਂ ਕਿਸੇ ਭਾਵਨਾ ਨੂੰ ਮੁੱਖ ਰਖਕੇ ਸਮੇਂ ਦੀ ਮਿਆਦ ਅਨੁਸਾਰ ਭੁੱਖੇ ਪਿਆਸੇ ਰਹਿਣਾ। ਵਰਤ ਰਖਣ ਦਾ ਸੰਕਲਪ ਮਨੁੱਖ ਦੀਆਂ ਖਵਾਹਿਸ਼ਾਂ ਵਿਚੋਂ ਉਤਪੰਨ ਹੋਇਆ ਹੈ ਉਹ ਖਵਾਹਿਸ਼ ਜਾਂ ਇੱਛਾ ਜਿਸ ਨੂੰ ਕਰਮਕਾਂਡੀ ਮਨੁੱਖ ਰੱਬ ਜਾਂ ਆਪਣੇ ਕਲਪਿਤ ਦੇਵਤੇ ਕੋਲੋਂ ਹੱਠ ਦੇ ਜ਼ੋਰ ਨਾਲ ਮੰਨਵਾਉਣਾ ਚਾਹੁੰਦਾ ਹੈ ਅਜਿਹਾ ਕਰਨ ਵਾਲਾ ਮਨੁੱਖ ਇਹ ਸੋਚਦਾ ਹੈ ਕਿ ਉਸ ਦੇ ਅਜਿਹੇ ਹੱਠ ਨਾਲ ਉਸ ਦਾ ਰੱਬ ਜਾਂ ਕਲਪਿਤ ਦੇਵਤਾ ਪ੍ਰਸੰਨ ਹੋ ਜਾਵੇਗਾ ਅਤੇ ਉਸ ਦੀ ਇੱਛਾ ਨੂੰ ਬਿਨਾਂ ਰੁਕਾਵਟ ਪੂਰੀ ਕਰ ਦੇਵੇਗਾ।

ਪੌਰਾਣਵਾਦੀ ਵੀਚਾਰਧਾਰਾ ਵਿਚ ਅਨੇਕਾਂ ਦੇਵੀ ਦੇਵਤਿਆਂ ਦੀ ਪੂਜਾ ਦਾ ਕਰਮਕਾਂਡ ਪ੍ਰਧਾਨ ਹੈ। ਹਰ ਦੇਵੀ ਦੇਵਤੇ ਨੂੰ ਮੰਨਣ ਵਾਲੇ ਸ਼ਰਧਾਲੂ ਆਪਣੇ ਆਪਣੇ ਕਲਪਿਤ ਦੇਵੀ ਦੇਵਤੇ ਦੀ ਵੱਖਰੇ-ਵੱਖਰੇ ਢੰਗ ਨਾਲ ਪੂਜਾ ਕਰਦੇ ਹਨ ਅਤੇ ਉਹਨਾਂ ਨੂੰ ਖੁਸ਼ ਕਰਨ ਲਈ ਵੱਖਰੇ-ਵੱਖਰੇ ਕਈ ਤਰਾਂ ਦੇ ਤਰੀਕੇ ਅਪਣਾਉਂਦੇ ਹਨ। ਪੁਰਾਣਾ ਦੀਆਂ ਕਥਾਵਾਂ ਵਿਚ ਕਈ ਕਿਸਮਾਂ ਦੇ ਵਰਤਾਂ ਦਾ ਜ਼ਿਕਰ ਹੈ। ਇਹਨਾਂ ਕਹਾਣੀਆਂ ਨੂੰ ਸੱਚ ਮੰਨਣ ਵਾਲੇ ਲੋਕ ਹੀ ਅਜਿਹੀ ਕਰਮਕਾਂਡੀ ਰੀਤ ਦੀ ਤਨ ਦੇਹੀ ਨਾਲ ਪਾਲਣਾ ਕਰਦੇ ਹਨ। ਕੁਝ ਕੁ ਵਰਤ ਜਿਵੇਂ ਕਰਵਾਚੌਥ, ਅਹੋਈ, ਏਕਾਦਸ਼ੀ ਆਦਿ ਜ਼ਿਆਦਾ ਪ੍ਰਚਲਿਤ ਹਨ ਇਹਨਾਂ ਸਾਰਿਆਂ ਵਿਚੋਂ ਕਰਵਾਚੌਥ ਦਾ ਵਰਤ ਸਭ ਤੋਂ ਜ਼ਿਆਦਾ ਪ੍ਰਚਲਿਤ ਹੈ।ਕਰਵਾ ਚੌਥ ਦਾ ਵਰਤ ਕੀ ਹੈ? ਵਿਆਹੀਆਂ ਹਿੰਦੂ ਇਸਤਰੀਆਂ ਇਹ ਵਰਤ ਕਤੱਕ ਵਦੀ ਚੌਥ ਨੂੰ ਰਖਦੀਆਂ ਹਨ। ਸਵੇਰੇ ਸੂਰਜ ਨਿਕਲਣ ਤੋਂ ਪਹਿਲਾਂ ਸੁਹਾਗਣਾ ਸਰਗੀ ਕਰਦੀਆਂ ਹਨ। ਇਸ ਸਰਗੀ ਵਿਚ ਆਪਣੇ ਪੇਕੇ ਤੋਂ ਲਿਆਂਦੀਆਂ ਫੈਨੀਆਂ ਰਾਤ ਨੂੰ ਹੀ ਦੁੱਧ ਵਿਚ ਭਿਉਂ ਕੇ ਰਖੀਆਂ ਜਾਂਦੀਆਂ ਹਨ। ਸਵੇਰੇ ਸੂਰਜ ਨਿਕਲਣ ਤੋਂ ਪਹਿਲਾਂ ਇਹ ਫੈਣੀਆਂ ਅਤੇ ਫਲ ਆਦਿਕ ਰੱਜ ਕੇ ਖਾ ਲਏ ਜਾਂਦੇ ਹਨ। ਇਸ ਵਿਚ ਚੰਦ੍ਰਮਾ ਦੀ ਪੂਜਾ ਹੁੰਦੀ ਹੈ ਇਸ ਵਾਸਤੇ ਇਹ ਸਾਰਾ ਕੰਮ ਸੂਰਜ ਨਿਕਲਣ ਤੋਂ ਪਹਿਲਾਂ ਹੀ ਕੀਤਾ ਜਾਂਦਾ ਹੈ। ਫਿਰ ਇਹ ਵਰਤ ਰੱਖਣ ਵਾਲੀਆਂ ਬੀਬੀਆਂ ਸਾਰਾ ਦਿਨ ਕੁਝ ਨਹੀਂ ਖਾਂਦੀਆਂ। ਰਾਤ ਵੇਲੇ ਚੰਦ੍ਰਮਾ ਨੂੰ ਕਰੂਏ (ਮਿੱਟੀ ਦਾ ਲੋਟਾ) ਨਾਲ ਅਰਗ ਦਿੰਦੀਆਂ ਹਨ ਅਤੇ ਪਤੀ ਦਾ ਮੂੰਹ ਵੇਖ ਕੇ ਵਰਤ ਖ਼ਤਮ ਕਰਦੀਆਂ ਹਨ।

Share this...
Share on Facebook
Facebook
error: Content is protected !!