ਆਹ ਮਿਠਿਆਈਆਂ ਨੇ ਜਿੰਨਾ ਨੂੰ ਤਿਓਹਾਰਾਂ ਤੇ ਖਾ ਕੇ ਸਭ ਨੇ ਬਿਮਾਰ ਹੋਣਾ

ਅੱਜ ਦੀ ਮਹਿੰਗਾਈ ਭਰੀ ਤੇ ਦੌੜ ਵਾਲੀ ਜ਼ਿੰਦਗੀ ‘ਚ ਹਰ ਇਕ ਨੂੰ ਦੋ ਡੰਗ ਦਾ ਖਾਣਾ ਨਸੀਬ ਹੋਣਾ ਹੀ ਮੁਸ਼ਕਿਲ ਹੋਇਆ ਪਿਆ ਹੈ ਜਦਕਿ ਜਿਨ੍ਹਾਂ ਨੂੰ ਮਿਲ ਵੀ ਰਿਹਾ ਹੈ, ਉਹ ਯਕੀਨ ਨਾਲ ਇਹ ਨਹੀਂ ਕਹਿ ਸਕਦੇ ਕਿ ਅਸੀਂ ਬਿਨਾਂ ਮਿਲਾਵਟ ਤੋਂ ਖਾਣਾ ਖਾ ਰਹੇ ਹਾਂ। ਜੀ ਹਾਂ, ਅੱਜ ਅਸੀਂ ਗੱਲ ਕਰ ਰਹੇ ਹਾਂ ਮਿਲਾਵਟ ਦੀ। ਵੈਸੇ ਤਾਂ ਅਸੀਂ ਸਾਰਾ ਸਾਲ ਹੀ ਕਿਸੇ ਨਾਲ ਕਿਸੇ ਰੂਪ ‘ਚ ਮਿਲਾਵਟੀ ਵਸਤਾਂ ਖਾ/ਪੀ ਰਹੇ ਹਾਂ ਪਰ ਅੱਜ ਕੱਲ ਤਿਓਹਾਰਾਂ ਦੇ ਮੌਸਮ ਵਿਚ ਤਾਂ ਮਿਲਾਵਟ ਹੱਦੋਂ-ਵੱਧ ਰਹੀ ਹੈ, ਜਿਸ ਦੇ ਲਈ ਸਚੇਤ ਹੋਣ ਦੀ ਲੋੜ ਹੈ।

ਅੱਜ ਹਰ ਵਿਅਕਤੀ ‘ਭਰ ਪੇਟ’ ਰੋਟੀ ਖਾਣ ਦੀ ਦੌੜ ਵਿਚ ਤਾਂ ਲੱਗਾ ਹੋਇਆ ਹੈ ਪਰ ਜਿਸ ਨੂੰ ‘ਭਰ ਪੇਟ’ ਰੋਟੀ ਨਸੀਬ ਵੀ ਹੋ ਰਹੀ ਹੈ, ਉਹ ਯਕੀਨ ਨਾਲ ਇਹ ਨਹੀਂ ਕਹਿ ਸਕਦਾ ਕਿ ਉਸਨੂੰ ਇਸ ਭੋਜਨ ‘ਚੋਂ ਉਹ ਲੋੜੀਂਦੇ ਤੱਤ ਮਿਲ ਰਹੇ ਹਨ ਜਿਸ ਦੀ ਸਰੀਰ ਨੂੰ ਲੋੜ ਹੁੰਦੀ ਹੈ ਜਿਸ ਦਾ ਮੁੱਖ ਕਾਰਨ ਮਿਲਾਵਟ ਹੀ ਹੈ। ਅੱਜ ਤਾਂ ਮਿਲਾਵਟ ਕਿਸੇ ਵੀ ਵਸਤੂ ਦੀ ਪੈਦਾਵਾਰ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਮੁੱਢਲੇ ਪੱਧਰ ‘ਤੇ ਮਿਲਾਵਟ ਹੁੰਦੀ ਹੈ ਫਸਲਾਂ ਦੀ ਪੈਦਾਵਾਰ ਸਮੇਂ, ਕਿਉਂਕਿ ਅੱਜ ਦੇ ਯੁਗ ਵਿਚ ਵਧ ਪੈਦਾਵਾਰ ਤੇ ਵਧ ਕਮਾਈ ਦੀ ਦੌੜ ਲੱਗੀ ਹੋਈ ਹੈ। ਸਿੱਟਾ ਇਹ ਹੋ ਰਿਹਾ ਹੈ ਕਿ ਕਈ ਵਾਰ ਪੈਦਾਵਾਰ ਵਧਾਉਣ ਲਈ ਲੋੜ ਤੋਂ ਵੀ ਜਿਆਦਾ ਰਸਾਇਣਾਂ ਦੀ ਵਰਤੋਂ ਫਸਲਾਂ ‘ਤੇ ਕੀਤੀ ਜਾਂਦੀ ਹੈ। ਜਦਕਿ ਇਸ ਤੋਂ ਬਾਅਦ ਜਦੋਂ ਇਹ ਪੈਦਾ ਹੋਏ ਉਤਪਾਦ ਬਜਾਰ ਵਿਚ ਵਿਕਣ ਲਈ ਆਉਂਦੇ ਹਨ ਤਾਂ ਰਹਿੰਦੀ ਕਸਰ ਮਿਲਾਵਟਖੋਰ ਪੂਰੀ ਕਰ ਦਿੰਦੇ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਕਈ ਲੋਕ ਖਾਣ-ਪੀਣ ਦੀਆਂ ਵਸਤਾਂ ਵੱਲ ਖਾਸ ਧਿਆਨ ਦਿੰਦੇ ਹੋਏ ਅਕਸਰ ਬਹੁਤ ਜਿਆਦਾ ਪਰਖ ਵੀ ਕਰਦੇ ਹਨ, ਪਰ ਉਹ ਵੀ ਇਹ ਯਕੀਨ ਨਾਲ ਨਹੀਂ ਕਹਿ ਸਕਦੇ ਕਿ ਉਹ ਬਿਨਾਂ ਮਿਲਾਵਟ ਤੋਂ ਜਾ ਸ਼ੁੱਧ ਚੀਜ਼ਾਂ ਖਾ ਰਹੇ ਹਨ। ਭਾਵੇਂ ਕਿ ਸਰਕਾਰਾਂ ਵੱਲੋਂ ਸਬੰਧਿਤ ਵਿਭਾਗ ਵੀ ਇਸ ਮਿਲਾਵਟ ਦੀ ਰੋਕਥਾਮ ਲਈ ਬਣਾਏ ਗਏ ਹਨ, ਪਰ ਉਹ ਵੀ ਬਾਕੀ ਸਰਕਾਰੀ ਮਹਿਕਮਿਆਂ ਦੀ ਤਰ੍ਹਾਂ ”ਉਠ ਦੇ ਮੂੰਹ ਵਿਚ ਜੀਰਾ” ਵਾਲੀ ਗੱਲ ਹੀ ਸਾਬਿਤ ਹੋ ਰਹੇ ਹਨ। ਰੋਜ਼ਾਨਾ ਵਰਤੋਂ ਦੀਆਂ ਵਸਤਾਂ ਵਿਚ ਮਿਲਾਵਟ ਵੱਡੇ ਪੱਧਰ ‘ਤੇ ਹੋ ਰਹੀ ਹੈ। ਭਾਵ ਕਿ ਜਿਹੜੀਆਂ ਵਸਤਾਂ ਅਸੀਂ ਰੋਜ਼ਾਨਾ ਖਾਂਦੇ/ਪੀਦੇ ਹਾਂ ਉਹ ਜਿਆਦਾਤਰ ਮਿਲਾਵਟੀ ਹੀ ਹੁੰਦੀਆਂ ਹਨ। ਉਦਾਹਰਨ ਵੱਜੋਂ ਰੋਜ਼ਾਨਾ ਜੋ ਦਾਲਾਂ ਅਸੀਂ ਖਾਂਦੇ ਹਾਂ ਉਨ੍ਹਾਂ ‘ਤੇ ਅਕਸਰ ਮੋਮ ਦੀ ਪਾਲਿਸ਼ ਹੋਈ ਹੁੰਦੀ ਹੈ।

ਇਸ ਤੋਂ ਇਲਾਵਾ ਕਈ ਰਸਾਇਣਕ ਰੰਗਾ ਤੇ ਕੰਕਰਾਂ ਦੀ ਵੀ ਮਿਲਾਵਟ ਦੇਖਦ-ਸੁਣਨ ‘ਚ ਆਈ ਹੈ। ਜਿਸ ਕਾਰਨ ਕੈਂਸਰ ਤੇ ਹੋਰ ਭਿਆਣਕ ਬੀਮਾਰੀਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਪਾਠਕਾਂ ਦੀ ਸਿਹਤ ਦਾ ਖਿਆਲ ਰੱਖਦੇ ਹੋਏ ਅਸੀਂ ਦਾਲ ਦੀ ਮਿਲਾਵਟ ਬਾਰੇ ਜਾਨਣ ਦੇ ਇਕ-ਦੋ ਨੁਕਤੇ ਸਾਂਝੇ ਕਰਨੇ ਚਾਹੁੰਦੇ ਹਾਂ ਜੋਕਿ ਇਕ ਮਾਹਿਰਾਂ ਵੱਲੋਂ ਦੱਸੇ ਗਏ ਹਨ। ਜਿਵੇਂ ਕਿ ਥੋੜੀ ਜਿਹੀ ਦਾਲ ਨੂੰ ਉਸ ਤੋਂ ਢਾਈ ਗੁਣਾਂ ਜਿਆਦਾ ਪਾਣੀ ‘ਚ ਪਾ ਕੇ ਉਸਨੂੰ ਚੰਮਚ ਨਾਲ ਚੰਗੀ ਤਰਾਂ ਹਿਲਾਓ ਅਤੇ ਜੇਕਰ 5 ਮਿੰਟ ਵਿਚ ਪਾਣੀ ‘ਚ ਕਿਸੇ ਤਰ੍ਹਾਂ ਦੀ ਰੰਗਤ ਆ ਜਾਵੇ ਤਾਂ ਸਮਝ ਲਵੋ ਕਿ ਦਾਲ ਨੂੰ ਰੰਗਿਆ ਗਿਆ ਹੈ, ਭਾਵ ਕਿ ਇਹ ਮਿਲਾਵਟੀ ਹੈ। ਇਸ ਤੋਂ ਇਲਾਵਾ ਦਾਲ ਨੂੰ ਉਸਦੇ ਬਰਾਬਰ ਪਾਣੀ ਵਿਚ ਪਾ ਕੇ ਇਸ ਵਿਚ ਕੁਝ ਬੂੰਦਾਂ ਹਾਈਡਰੋਕਲੋਰਾਈਡ ਦੀਆਂ ਪਾਓ ਅਤੇ ਜੇਕਰ ਦਾਲ ਦਾ ਰੰਗ ਗੁਲਾਬੀ ਹੋ ਜਾਵੇ ਤਾਂ ਸਮਝ ਲਵੋਂ ਕਿ ਇਸ ਵਿਚ ਰਸਾਇਣ ਮਿਲਾਇਆ ਗਿਆ ਹੈ। ਜੇਕਰ ਤਿਓਹਾਰਾਂ ਦੀ ਗੱਲ ਕਰੀਏ ਤਾਂ ਤਿਓਹਾਰਾਂ ਦੇ ਮੌਸਮ ਦੌਰਾਨ ਵਰਕ ਵਾਲੀਆਂ ਮਿਠਾਈਆਂ ਅਤੇ ਜਿਆਦਾ ਰੰਗ ਵਾਲੀਆਂ ਮਿਠਾਈਆਂ ਤੋਂ ਪਰਹੇਜ਼ ਹੀ ਕਰਨਾ ਚੰਗਾ ਹੈ ਕਿਉਂਕਿ ਅਜਿਹੀਆਂ ਚੀਜ਼ਾਂ ਦੀ ਮਿਲਾਵਟ ਤਿਓਹਾਰ ਦੀਆਂ ਖੁਸ਼ੀਆਂ ਦੇ ਨਾਲ-ਨਾਲ ਕਈ ਬੀਮਾਰੀਆਂ ਵੀ ਨਾਲ ਲੈ ਕੇ ਆ ਸਕਦੀ ਹੈ।

ਤਿਓਹਾਰ ਦੇ ਦਿਨਾਂ ਵਿਚ ਖੋਆ, ਪਨੀਰ, ਦੁੱਧ ਅਤੇ ਘਿਓ ਆਦਿ ਦੀ ਮੰਗ ਵੱਧ ਜਾਣੀ ਸੁਭਾਵਿਕ ਜਿਹੀ ਗੱਲ ਹੈ, ਨਤੀਜੇ ਵੱਜੋਂ ਸਿੰਥੈਟਿਕ ਦੁੱਧ, ਪਨੀਰ ਆਦਿ ਬਣਾਉਣ ਵਾਲੇ ਵੀ ਹੋਰ ਸਰਗਰਮ ਹੋ ਜਾਂਦੇ ਹਨ ਅਤੇ ਆਪਣੀ ਕਮਾਈ ਵਧਾਉਣ ਖਾਤਿਰ ਲੋਕਾਂ ਦੀਆਂ ਕੀਮਤੀ ਜਾਨਾਂ ਨਾਲ ਖਿਲਵਾੜ ਕਰਦੇ ਹਨ। ਇਸ ਲਈ ਜਿੱਥੇ ਅਸੀਂ ਆਪਣੇ ਪਾਠਕਾਂ ਨੂੰ ਤਿਓਹਾਰਾਂ ਦੀ ਵਧਾਈ ਦੇ ਰਹੇ ਹਾਂ ਉੱਥੇ ਹੀ ਸਚੇਤ ਵੀ ਕਰ ਰਹੇ ਹਾਂ ਕਿ ਉਹ ਆਪਣੀ ਸਮਝ ਵਰਤ ਕੇ ਮਿਲਾਵਟੀ ਵਸਤਾਂ ਤੋਂ ਬਚਣ। ਜਦਕਿ ਸਰਕਾਰੀ ਵਿਭਾਗਾਂ ਦੇ ਨਾਲ-ਨਾਲ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਇਕੱਠੇ ਹੋ ਕੇ ਇਕ ਜਾਗਰੂਕਤਾ ਮੁਹਿੰਮ ਚਲਾਉਣੀ ਚਾਹੀਦੀ ਹੈ ਤਾਂ ਜੋ ਵੱਖ-ਵੱਖ ਤਰ੍ਹਾਂ ਦੀ ਮਿਲਾਵਟ ਨੂੰ ਚੈੱਕ ਕਰਨ ਦੇ ਆਸਾਨ ਤਰੀਕੇ ਲੋਕਾਂ ਨੂੰ ਦੱਸ ਕੇ ਉਨ੍ਹਾਂ ਨੂੰ ਇਸ ਬਾਰੇ ਜਾਗਰੂਕ ਕੀਤਾ ਜਾ ਸਕੇ ਅਤੇ ਨਾਲ ਹੀ ਨਾਲ ਇਹ ਵੀ ਜਾਗਰੂਕਤਾ ਲਿਆਈ ਜਾਵੇ ਕਿ ਮਿਲਾਵਟਖ਼ੋਰਾਂ ਖਿਲਾਫ਼ ਕਿਸ ਤਰ੍ਹਾਂ ਕਾਰਵਾਈ ਕਰਵਾਈ ਜਾ ਸਕਦੀ ਹੈ।

Share this...
Share on Facebook
Facebook
error: Content is protected !!