ਪੰਜਾਬ ਨੂੰ ਪਿੱਛਲੇ 52 ਸਾਲਾਂ ਵਿੱਚ ਪਏ ਘਾਟਿਆਂ ਉੱਤੇ ਇੱਕ ਨਜ਼ਰ

ਪੰਜਾਬ ਦੀ ਵੰਡ ( ਬਟਵਾਰਾ ) : ਦੇਸ਼ ਨੂੰ ਆਜ਼ਾਦ ਕਰਨ ਦੇ ਨਾਲ ਹੀ ਬ੍ਰਿਟਿਸ਼ ਸਰਕਾਰ ਨੇ 15 ਅਗਸਤ 1947 ਈ. ਨੂੰ ਪੰਜਾਬ ਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ— ਪੱਛਮੀ ਪੰਜਾਬ ਅਤੇ ਪੂਰਬੀ ਪੰਜਾਬ । ਇਹ ਵੰਡ ਕੋਈ ਅਚਨਚੇਤ ਘਟਨਾ ਨਹੀਂ ਸੀ , ਸਗੋਂ ਇਸ ਦਾ ਲੰਬਾ ਇਤਿਹਾਸ ਹੈ । ਇਸ ਦਾ ਉਦਘਾਟਨ ਬ੍ਰਿਟਿਸ਼ ਸਰਕਾਰ ਦੀ ‘ ਫੁਟ ਪਾਓ ਤੇ ਰਾਜ ਕਰੋ ’ ਨੀਤੀ ਤੋਂ ਹੁੰਦਾ ਹੈ । ਜਿਉਂ ਜਿਉਂ ਵਖ-ਵਾਦੀ ਪਰਿਸਥਿਤੀਆਂ ਜਨਮ ਲੈਂਦੀਆਂ ਗਈਆਂ , ਵੰਡ ਦਾ ਸੰਕਲਪ ਦ੍ਰਿੜ੍ਹ ਹੁੰਦਾ ਗਿਆ ।

3 ਮਾਰਚ 1947 ਈ. ਨੂੰ ਪੰਜਾਬ ਦੇ ਮੁੱਖ ਮੰਤਰੀ ਖ਼ਿਜ਼ਰ ਹਯਾਤ ਖ਼ਾਨ ਨੇ ਅਸਤੀਫ਼ਾ ਦੇ ਦਿੱਤਾ । ਮੁਸਲਿਮ ਲੀਗ ਦੀ ਸਰਕਾਰ ਨ ਬਣ ਸਕਣ ਕਾਰਣ ਗਵਰਨਰ ਰਾਜ ਕਾਇਮ ਹੋਇਆ ਜਿਸ ਕਰਕੇ ਕਈ ਥਾਂਵਾਂ ਉਤੇ ਦੰਗੇ ਸ਼ੁਰੂ ਹੋ ਗਏ । ਇਨ੍ਹਾਂ ਦੰਗਿਆਂ ਦਾ ਸਭ ਤੋਂ ਭਿਆਨਕ ਰੂਪ ਰਾਵਲਪਿੰਡ ਜ਼ਿਲ੍ਹੇ ਵਾਲਿਆਂ ਨੂੰ ਵੇਖਣਾ ਪਿਆ । ਪੰਡਿਤ ਨਹਿਰੂ ਨੇ ਦੰਗਾ-ਪੀੜਿਤ ਇਲਾਕਿਆਂ ਦਾ ਦੌਰਾ ਕੀਤਾ । ਗ਼ੈਰ-ਮੁਸਲਮਾਨਾਂ ਨੇ ਪੰਜਾਬ ਦੇ ਬਟਵਾਰੇ ਦੀ ਮੰਗ ਕੀਤੀ ਜਿਸ ਨੂੰ ਕਾਂਗ੍ਰਸ ਕਮੇਟੀ ਨੇ ਪ੍ਰਵਾਨ ਕਰ ਲਿਆ । ਮਾਰਚ 1947 ਈ. ਵਿਚ ਲਾਰਡ ਵੇਵਲ ਦੀ ਥਾਂ’ ਤੇ ਲਾਰਡ ਮਾਊਂਟਬੈਟਨ ਹਿੰਦੁਸਤਾਨ ਦਾ ਵਾਇਸਰਾਏ ਬਣਿਆ । 3 ਜੂਨ 1947 ਈ. ਨੂੰ ਉਸ ਨੇ ਬ੍ਰਿਟਿਸ਼ ਸਰਕਾਰ ਦੀ ਮਨਜ਼ੂਰੀ ਲੈ ਕੇ ਹਿੰਦੁਸਤਾਨ ਦੀ ਦੋ ਰਾਜਾਂ ਵਜੋਂ ਵੰਡ ਕਰਨ ਦੀ ਘੋਸ਼ਣਾ ਕਰ ਦਿੱਤੀ ।

ਬੰਗਾਲ ਅਤੇ ਪੰਜਾਬ ਨੂੰ ਦੋ ਹਿੱਸਿਆਂ ਵਿਚ ਤਕਸੀਮ ਕੀਤਾ ਗਿਆ । ਪੰਜਾਬ ਦੇ ਦੋਹਾਂ ਹਿੱਸਿਆਂ ਦੀ ਸੀਮਾ ਨਿਰਧਾਰਿਤ ਕਰਨ ਲਈ ਰੈਡਕਲਿਫ਼ ਦੀ ਪ੍ਰਧਾਨਗੀ ਹੇਠ ‘ ਸੀਮਾ ਕਮਿਸ਼ਨ ’ ਬਣਾਇਆ ਗਿਆ । ਉਪਰੋਕਤ ਵੰਡ ਨਾਲ ਮੂਲ ਪੰਜਾਬ ਦਾ 62 ਪ੍ਰਤਿਸ਼ਤ ਖੇਤਰ ਪੱਛਮੀ ਪੰਜਾਬ ਨੂੰ ਗਿਆ ਅਤੇ 38 ਪ੍ਰਤਿਸ਼ਤ ਖੇਤਰ ਪੂਰਬੀ ਪੰਜਾਬ ਨੂੰ ਪ੍ਰਾਪਤ ਹੋਇਆ । ਇਸ ਬਟਵਾਰੇ ਦੇ ਫਲਸਰੂਪ ਦੋਹਾਂ ਪਾਸਿਆਂ ਦੇ ਵਸਨੀਕਾਂ ਨੂੰ 15 ਅਗਸਤ ਤੋਂ ਬਾਦ ਇਧਰ ਉਧਰ ਹਿਜਰਤ ਕਰਨੀ ਪਈ । ਇਕ ਅਨੁਮਾਨ ਅਨੁਸਾਰ ਲਗਭਗ ਤਿੰਨ ਲੱਖ ਲੋਗ ਸੰਪ੍ਰਦਾਇਕ ਦੰਗਿਆਂ ਅਤੇ ਆਵਾਜਾਈ ਦੀ ਜ਼ਹਿਮਤ ਕਾਰਣ ਮਾਰੇ ਗਏ । ਪੱਛਮੀ ਪੰਜਾਬ ਤੋਂ ਲਗਭਗ 38 ਲੱਖ ਗ਼ੈਰ-ਮੁਸਲਮਾਨ ਪੂਰਬੀ ਪੰਜਾਬ ਨੂੰ ਆਏ ਅਤੇ 44 ਲੱਖ ਮੁਸਲਮਾਨ ਪੱਛਮੀ ਪੰਜਾਬ ਨੂੰ ਗਏ । ਪੂਰਬੀ ਪੰਜਾਬ ਵਿਚ ਪੁਨਰਵਾਸ ਦੀ ਗੰਭੀਰ ਸਮਸਿਆ ਖੜੀ ਹੋ ਗਈ ਜਿਸ ਨੂੰ ਹੌਲੀ ਹੌਲੀ ਹਲ ਕਰ ਲਿਆ ਗਿਆ ।

Share this...
Share on Facebook
Facebook
error: Content is protected !!