ਕੈਨੇਡਾ ਵਿੱਚ ਪੰਜਾਬ ਦੀ ਧੀ ਬਣੀ ਪਹਿਲੀ ਸਿੱਖ ਮਹਿਲਾ ਟਰੱਕ ਡਰਾਇਵਰ

ਉਹ ਔਖਾ ਕੰਮ ਨਹੀਂ ਕਰ ਸਕਦੀਆਂ ਕਈ ਔਰਤਾਂ ਦੀ ਇਹ ਸ਼ਿਕਾਇਤ ਹੁੰਦੀ ਹੈ। ਇਸ ਲਈ ਉਹ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਵੀ ਨਹੀਂ ਕਰਦੀਆਂ ਪਰ ਕਈ ਔਰਤਾਂ ‘ਚ ਇੰਨਾ ਕੁ ਜਜ਼ਬਾ ਹੁੰਦਾ ਹੈ ਕਿ ਉਹ ਆਪਣੀਆਂ ਇੱਛਾਵਾਂ ਨੂੰ ਬੁਲੰਦ ਹੌਂਸਲੇ ਨਾਲ ਪੂਰਾ ਕਰਦੀਆਂ ਹਨ। ਅਜਿਹੀ ਹੀ ਇਕ ਔਰਤ ਦਾ ਜ਼ਿਕਰ ਅਸੀਂ ਅੱਜ ਵਿਸ਼ੇਸ਼ ਮੌਕੇ ‘ਤੇ ਕਰ ਰਹੇ ਹਾਂ, ਜਿਸ ਨੇ ਪਹਿਲੀ ਸਿੱਖ ਮਹਿਲਾ ਟਰੱਕ ਡਰਾਈਵਰ ਹੋਣ ਦਾ ਕੈਨੇਡਾ ਵਰਗੇ ਦੇਸ਼ ‘ਚ ਸਨਮਾਨ ਹਾਸਲ ਕੀਤਾ।

ਪੰਜਾਬ ਦੇ ਸ਼ਹਿਰ ਕਪੂਰਥਲਾ ‘ਚ ਜੰਮੀ ਰਾਜਵਿੰਦਰ ਕੌਰ ਨੇ ਦੱਸਿਆ ਕਿ ਉਹ ਕੈਨੇਡਾ ਅਤੇ ਅਮਰੀਕਾ ਦੀਆਂ ਸੜਕਾਂ ‘ਤੇ ਟਰੱਕ ਚਲਾਉਂਦੀ ਹੈ ਅਤੇ ਉਸ ਨੇ ਆਪਣਾ ਸੁਪਨਾ ਪੂਰਾ ਕੀਤਾ ਹੈ ਉਸ ਨੂੰ ਮਾਣ ਹੈ। ਉਸ ਨੇ ਦੱਸਿਆ ਕਿ ਆਪਣੀ ਜ਼ਿੱਦ ਕਾਰਨ ਉਹ ਕੈਨੇਡਾ ‘ਚ ਟਰੱਕ ਚਲਾ ਰਹੀ ਹੈ ਪਰ ਉਸ ਨੇ ਪੰਜਾਬ ‘ਚ ਤਾਂ ਕਦੇ ਸਾਈਕਲ ਤਕ ਨਹੀਂ ਚਲਾਇਆ ਸੀ। ਰਾਜਵਿੰਦਰ ਕੌਰ ਨੇ ਦੱਸਿਆ ਕਿ ਕੈਨੇਡਾ ‘ਚ ਗੋਰੀਆਂ ਨੂੰ ਟਰੱਕ ਚਲਾਉਂਦੀਆਂ ਦੇਖ ਉਸ ਦੇ ਦਿਲ ‘ਚ ਵੀ ਇੱਛਾ ਜਾਗੀ ਕਿ ਉਹ ਵੀ ਟਰੱਕ ਚਲਾਵੇ। ਉਸ ਦਾ ਪਤੀ ਪਹਿਲਾਂ ਹੀ ਟਰੱਕ ਡਰਾਈਵਰ ਰਿਹਾ ਹੈ ਅਤੇ ਇਸੇ ਕਾਰਨ ਉਸ ਨੇ ਉਸ ਤੋਂ ਹੀ ਟਰੱਕ ਚਲਾਉਣ ਦੀ ਸਿਖਲਾਈ ਲਈ। ਰਾਜਵਿੰਦਰ ਨੇ ਦੱਸਿਆ ਕਿ ਹੁਣ ਉਹ 53 ਫੁੱਟ ਲੰਬਾ ਟਰੱਕ ਚਲਾ ਰਹੀ ਹੈ। ਰਾਜਵਿੰਦਰ ਦਾ ਜਨਮ ਕਪੂਰਥਲੇ ਦੇ ਪਿੰਡ ਸਿੰਧਵਾਂ ਦੋਨਾਂ ਦੇ ਨਿਵਾਸੀ ਕਿਸਾਨ ਮਲਕੀਤ ਸਿੰਘ ਦੇ ਘਰ ਹੋਇਆ। ਰਾਜਵਿੰਦਰ ਨੇ ਦੱਸਿਆ ਕਿ ਉਸ ਦਾ ਵਿਆਹ 1999 ‘ਚ ਬੋਪਾਰਾਏ ਦੇ ਮਲਕੀਤ ਸਿੰਘ ਨਾਲ ਵਿਆਹ ਹੋਇਆ ਅਤੇ ਉਸ ਨੇ ਹਿੰਦੂ ਕੰਨਿਆ ਕਾਲਜ ਕਪੂਰਥਲਾ ਤੋਂ ਗ੍ਰੈਜੂਏਸ਼ਨ ਕੀਤੀ।

ਉਹ ਵੀ ਵਿਆਹ ਮਗਰੋਂ ਕੈਨੇਡਾ ਗਈ ਮਲਕੀਤ ਦਾ ਪਰਿਵਾਰ ਵੈਨਕੂਵਰ ਕੈਨੇਡਾ ‘ਚ ਰਹਿੰਦਾ ਸੀ। ਜਦ ਉਸ ਨੇ ਗੋਰੀਆਂ ਨੂੰ ਦੇਖ ਕੇ ਟਰੱਕ ਚਲਾਉਣ ਦੀ ਇੱਛਾ ਪ੍ਰਗਟ ਕੀਤੀ ਤਾਂ ਉਸ ਦੇ ਪਤੀ ਨੇ ਵੀ ਖੁਸ਼ੀ-ਖੁਸ਼ੀ ਉਸ ਦੀ ਇੱਛਾ ਪੂਰੀ ਕਰਨ ਲਈ ਪੂਰਾ ਸਾਥ ਦਿੱਤਾ। ਉਸ ਨੇ ਡਰਾਈਵਰੀ ਸਿੱਖੀ ਅਤੇ ਲਾਇਸੈਂਸ ਲਿਆ। ਹੁਣ ਉਹ ਇਕੱਲੀ ਹੀ 2002 ਤੋਂ ਟਰੱਕ ਚਲਾਉਂਦੀ ਹੈ। ਉਨ੍ਹਾਂ ਦੇ ਦੋ ਪੁੱਤਰ ਹਨ। ਛੋਟਾ ਪੁੱਤ ਜੁਝਾਰ ਸਿੰਘ 15 ਸਾਲ ਦਾ ਹੈ ਅਤੇ ਵੱਡਾ ਮੁੰਡਾ ਜ਼ੋਰਾਵਰ ਸਿੰਘ 17 ਸਾਲ ਦਾ ਹੈ ਅਤੇ ਦੋਵੇਂ ਪੜ੍ਹਾਈ ਕਰ ਰਹੇ ਹਨ। ਆਪਣੀ ਭਤੀਜੀ ਦੇ ਵਿਆਹ ‘ਚ ਸ਼ਾਮਲ ਹੋਣ ਲਈ ਰਾਜਵਿੰਦਰ ਫਿਲਹਾਲ ਪੰਜਾਬ ਆਈ ਹੋਈ ਹੈ। ਉਸ ‘ਤੇ ਉਸ ਦੇ ਪਰਿਵਾਰ ਨੂੰ ਮਾਣ ਹੈ। ਰਾਜਵਿੰਦਰ ਨੇ ਕਿਹਾ ਕਿ ਉਹ ਔਰਤਾਂ ਨੂੰ ਅਪੀਲ ਕਰਦੀ ਹੈ ਕਿ ਸਗੋਂ ਹਿੰਮਤ ਨਾਲ ਉਸ ਨੂੰ ਪੂਰਾ ਕਰਨ ਲਈ ਕੋਸ਼ਿਸ਼ਾਂ ਕਰਨ ਉਹ ਕੋਈ ਵੀ ਕੰਮ ਔਖਾ ਸਮਝ ਕੇ ਘਬਰਾਉਣ ਨਾ ਤਾਂ ਕਿ ਦੁਨੀਆ ਉਨ੍ਹਾਂ ਦੀ ਅਸਲੀ ਸ਼ਕਤੀ ਨੂੰ ਪਹਿਚਾਣ ਸਕੇ। ਉਸ ਨੇ ਹੱਸਦਿਆਂ ਕਿਹਾ,”ਭਾਵੇਂ ਪੰਜਾਬ ‘ਚ ਮੈਂ ਸਾਈਕਲ ਨਹੀਂ ਚਲਾਇਆ ਪਰ ਕੈਨੇਡਾ ‘ਚ 53 ਫੁੱਟ ਲੰਬੇ ਟਰੱਕ ਦੇ ਪਹੀਏ ਮੇਰੀ ਮਰਜ਼ੀ ਦੀ ਸਪੀਡ ਨਾਲ ਦੌੜਦੇ ਹਨ।”

Share this...
Share on Facebook
Facebook
error: Content is protected !!