ਗੁਰੁਦੁਵਾਰਾ ਸਾਹਿਬ ਤੇ ਮਸੀਤ ਦੀ ਸਾਂਝੀ ਕੰਧ ਹੈ ਦੋ ਧਰਮ ਦੀ ਦੋਸਤੀ ਦੀ ਮਿਸਾਲ

ਦੋ ਧਰਮਾਂ ਦੀ ਦੋਸਤੀ ਦੀ ਮਿਸਾਲ ਤਖ਼ਤ ਪਟਨਾ ਸਾਹਿਬ ਤੋਂ ਰੂਹਾਨੀ ਕੀਰਤਨ ਅਤੇ ਨਾਲ ਲੱਗਦੀ ਸਾਂਝੀ ਕੰਧ ਦੀ ਮਸੀਤ ਤੋਂ ਆਜ਼ਾਨ ਦੀ ਆਵਾਜ਼ ਦਾ ਰਿਸ਼ਤਾ ਪੇਸ਼ ਕਰਦਾ ਹੈ। ਇਤਿਹਾਸ ਦੱਸਦਾ ਹੈ ਕਿ ਜਦੋਂ ਪਟਨਾ ਸਾਹਿਬ ਵਿਖੇ 1666 ‘ਚ ਦੱਸਵੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਵਤਾਰ ਧਾਰਿਆ ਤਾਂ ਘੜਾਮ ਤੋਂ ਪੀਰ ਭੀਖਣ ਸ਼ਾਹ ਗੁਰੂ ਸਾਹਿਬ ਨੂੰ ਮਿਲਣ ਗਏ। ਮਸੀਤ ‘ਚ ਬੈਠੇ ਇਸਮਾਈਲ ਸਾਹਿਬ ਦੱਸਦੇ ਹਨ ਕਿ ਪੀਰ ਭੀਖਣ ਸ਼ਾਹ ਇਥੇ ਪੀਰ ਖ਼ਜ਼ਾਵਰ ਸ਼ਾਹ ਕੋਲ ਠਹਿਰੇ ਜਦੋਂ ਉਹ ਇੱਥੇ ਗੁਰੂ ਜੀ ਨੂੰ ਮਿਲਣ ਆਏ।

ਇੱਥੇ ਦੱਸ ਦੇਈਏ ਕਿ ਪੀਰ ਖ਼ਜ਼ਾਵਰ ਸ਼ਾਹ ਦੀ ਦਰਗਾਹ ਤਖ਼ਤ ਪਟਨਾ ਸਾਹਿਬ ਦੇ ਨਾਲ ਹੈ ਅਤੇ ਨਾਲ ਹੀ ਉਨ੍ਹਾਂ ਦੇ ਨਾਂ ਦੀ ਹੀ ਮਸੀਤ ਹੈ। ਅੱਜ ਵੀ ਦੋਸਤੀ ਦੀ ਦਾਸਤਾਨ ਨੂੰ ਸਦੀਆਂ ਪਹਿਲਾਂ ਦੀਆਂ ਸਾਂਝਾਂ ਬਿਆਨ ਕਰਦੀਆਂ ਹਨ। ਇਸ ਮਸੀਤ ਨੂੰ ਹਾਜਾ ਅਮਰ ਦੀ ਮਸੀਤ ਵੀ ਕਿਹਾ ਜਾਂਦਾ ਹੈ। ਦੱਸਣਯੋਗ ਹੈ ਕਿ ਪਟਨਾ ਸਾਹਿਬ ਵਿਖੇ ਬਹੁਤ ਹੀ ਸ਼ਰਧਾ ਭਾਵਨਾ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 352ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਇੱਥੇ ਸੰਗਤਾਂ ਠਾਠਾਂ ਮਾਰਦਾ ਇਕੱਠ ਜੁੜਿਆ ਹੈ। ਵੱਡੀ ਗਿਣਤੀ ‘ਚ ਸੰਗਤਾਂ ਪਟਨਾ ਸਾਹਿਬ ਗੁਰਦੁਆਰੇ ਵਿਖੇ ਨਤਮਸਤਕ ਹੋਣ ਲਈ ਪੁੱਜ ਰਹੀਆਂ ਹਨ, ਸੰਗਤਾਂ ਲਈ ਠਹਿਰਣ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ। ਅਦੁੱਤੀ ਸ਼ਖ਼ਸੀਅਤ ਦੇ ਮਾਲਕ, ਯੁੱਗ ਪਰਿਵਰਤਕ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਜੀਵਨ ਦਾ ਹਰ ਪਹਿਲੂ ਏਨਾ ਅਹਿਮ ਅਤੇ ਭਰਪੂਰ ਹੈ ਕਿ ਆਪਣੀ-ਆਪਣੀ ਬੁੱਧ ਅਨੁਸਾਰ ਉਸ ਦਾ ਜ਼ਿਕਰ ਤਾਂ ਸ਼ਾਇਦ ਸੰਭਵ ਹੋਵੇ ਪਰ ਪੂਰਾ ਬਿਆਨ ਨਾਮੁਮਕਿਨ ਹੈ। ਅੱਲਾ ਯਾਰ ਖਾਂ ਜੋਗੀ ਨੇ ਗੁਰੂ ਸਾਹਿਬ ਦੀ ਬਹੁਪੱਖੀ ਸ਼ਖ਼ਸੀਅਤ ਨੂੰ ਬੜੇ ਸੁਹਣੇ ਸ਼ਬਦਾਂ ਵਿਚ ਰੂਪਮਾਨ ਕਰਨ ਦੀ ਕੋਸ਼ਿਸ਼ ਕੀਤੀ ਹੈ।

ਉਸ ਦਾ ਕਹਿਣਾ ਹੈ-ਭਾਵੇਂ ਮੇਰੇ ਹੱਥ ਵਿਚ ਪੁਰਜ਼ੋਰ ਕਲਮ ਹੈ ਪਰ ਗੁਰੂ ਗੋਬਿੰਦ ਸਿੰਘ ਜੀ ਦੀਆਂ ਖੂਬੀਆਂ ਲਿਖ ਸਕਾਂ, ਇਹ ਸਲਾਹੀਅਤ ਮੇਰੇ ਵਿਚ ਨਹੀਂ। ਇਕ ਬੁਲਬੁਲਾ ਪੂਰੇ ਸਮੁੰਦਰ ਨੂੰ ਕਿਸ ਤਰ੍ਹਾਂ ਵੇਖ ਸਕਦਾ ਹੈ। ਉਹ ਕਿਨਾਰਿਆਂ ਨੂੰ ਵੇਖੇ, ਜਾਂ ਗਹਿਰਾਈ ਨੂੰ ਮਾਪੇ ਜਾਂ ਲਹਿਰਾਂ ਦੀ ਗਿਣਤੀ ਕਰੇ। ਰੱਬ ਦੀ ਸਹੁੰ, ਗੁਰੂ ਸਾਹਿਬ ਦੀ ਜਿੰਨੀ ਵੀ ਤਾਰੀਫ ਕੀਤੀ ਜਾਵੇ, ਉਹ ਘੱਟ ਹੈ ਗੁਰੂ ਗੋਬਿੰਦ ਸਿੰਘ ਦੇ ਸਮਾਜਿਕ ਪਰਿਵਰਤਨ ਦੀ ਮੁਹਿੰਮ ਨੇ ਭਾਰਤੀ ਸਮਾਜੀ ਵਿਵਸਥਾ ਦੀ ਨੁਹਾਰ ਨੂੰ ਬਦਲ ਦਿੱਤਾ ਸੀ। ਸਦੀਆਂ ਤੋਂ ਸ਼ੋਸ਼ਣ ਤੇ ਵਿਤਕਰੇ ਦਾ ਸ਼ਿਕਾਰ ਹੁੰਦਾ ਚਲਿਆ ਆ ਰਿਹਾ ਭਾਰਤੀ ਸਮਾਜ ਦਾ ਇਕ ਵੱਡਾ ਹਿੱਸਾ ਸਮਾਜੀ ਤੇ ਰਾਜਸੀ ਪੱਧਰ ਤੇ ਸੱਤਾ ਵਿਚ ਹਿੱਸੇਦਾਰੀ ਮੰਗਣ ਦੀ ਰਾਹ ‘ਤੇ ਤੁਰ ਪਿਆ ਸੀ। ਇਕ ਨਵੀਂ ਜਾਗਰੂਕਤਾ ਪੈਦਾ ਹੋ ਗਈ ਸੀ, ਆਮ ਆਦਮੀ ਨੂੰ ਆਸ ਦੀ ਕਿਰਨ ਨਜ਼ਰ ਆਉਣੀ ਸ਼ੁਰੂ ਹੋ ਗਈ ਸੀ। ਸਦੀਆਂ ਤੋਂ ਚਲੇ ਆ ਰਹੇ ਵਿਤਕਰੇ ਦੇ ਨਜ਼ਾਮ ਦੀ ਬੁਨਿਆਦ ਹਿੱਲਣ ਲਗ ਪਈ ਸੀ। ਆਗੂ-ਵਰਗ ਦੀ ਸੋਚ ਵਿਚ ਤਬਦੀਲੀ ਆਉਣ ਲੱਗ ਪਈ ਸੀ। ਸੱਚਮੁੱਚ ਇਹ ਪਰਿਵਰਤਨ ਹਰ ਲਿਹਾਜ਼ ਨਾਲ ਬਹੁਤ ਮਹੱਤਵਪੂਰਨ ਸੀ ਅਤੇ ਭਾਰਤੀ ਸਮਾਜ ਇਸ ਬਦਲਾਅ ਦੀ ਮੁਹਿੰਮ ਦੇ ਮੋਢੀ ਸਰਬੰਸ-ਦਾਨੀ ਗੁਰੂ ਗੋਬਿੰਦ ਸਿੰਘ ਦਾ ਹਮੇਸ਼ਾ ਰਿਣੀ ਰਹੇਗਾ।

Share this...
Share on Facebook
Facebook
error: Content is protected !!