ਏਲੀਅਨ ਧਰਤੀ ਤੇ ਉੱਤਰਿਆ ਧੀ ਦੀ ਲੋਹੜੀ ਮਨਾਉਣ ਲਈ

ਸਮਾਂ ਬਦਲਿਆ, ਸੋਚ ਬਦਲੀ ਤੇ ਬਦਲ ਗਿਆ ਧੀਆਂ ਦੇ ਪ੍ਰਤੀ ਨਜ਼ਰੀਆ। ਦੁਨੀਆ ਦੀ ਰਚਯਿਤਾ ਨੂੰ ਵੀ ਉਹ ਸਾਰੇ ਅਧਿਕਾਰ ਚਾਹੀਦੇ ਹਨ, ਜਿਸ ਦੀ ਪੁਰਸ਼ ਸਮਾਜ ਨੂੰ ਜ਼ਰੂਰਤ ਹੈ, ਚਾਹੇ ਰੀਤੀ-ਰਿਵਾਜ ਹੋਣ ਜਾਂ ਤਿਉਹਾਰ, ਨਵੇਂ ਸਾਲ ਦੇ ਪਹਿਲੇ ਸਮਾਜਿਕ ਤਿਉਹਾਰ ਲੋਹੜੀ ‘ਤੇ ਧੀਆਂ ਦਾ ਵੀ ਓਨਾ ਹੱਕ ਹੈ, ਜਿੰਨਾ ਪੁੱਤਾਂ ਦਾ। ਆਓ ਸਾਰੇ ਰਲ-ਮਿਲ ਕੇ ਨਵਜੰਮੀਆਂ ਧੀਆਂ ਦੀ ਲੋਹੜੀ ਮਨਾਈਏ ਤੇ ਸਮਾਜ ਨੂੰ ਸੁਨੇਹਾ ਦਈਏ ਕਿ ਤਿਉਹਾਰ ਲਿੰਗ ਭੇਦ ਤੋਂ ਉੱਪਰ ਹੁੰਦੇ ਹਨ। ਜੇ ਲਿੰਗ ਭੇਦ ਨੂੰ ਖ਼ਤਮ ਕਰਨਾ ਹੈ ਤਾਂ ਧੀਆਂ ਨੂੰ ਵੀ ਪੁੱਤਾਂ ਵਾਂਗ ਹੱਕ ਦੇਣੇ ਪੈਣਗੇ।

ਖੁਸ਼ੀ ਦੀ ਗੱਲ ਹੈ ਕਿ ਅੱਜ ਕੋਈ ਵੀ ਖੇਤਰ ਉਨ੍ਹਾਂ ਦੀਆਂ ਉਪਲਬਧੀਆਂ ਤੋਂ ਅਛੂਤਾ ਨਹੀਂ। ਉਹ ਫੁੱਲਾਂ ਤੋਂ ਫੌਲਾਦ ਬਣ ਚੁੱਕੀਆਂ ਅਤੇ ਸਰਹੱਦਾਂ ‘ਤੇ ਪਹਿਰਾ ਦੇ ਰਹੀਆਂ ਹਨ। ਫਿਰ ਇਨ੍ਹਾਂ ਨਾਲ ਵਿਤਕਰਾ ਕਿਉਂ? ਕੁਝ ਰੂੜੀਵਾਦੀ ਲੋਕਾਂ ਅਤੇ ਸਮਾਜ ਦੇ ਸੁਆਰਥੀ ਵਰਗ ਨੇ ਧੀਆਂ-ਪੁੱਤਰਾਂ ਵਿਚ ਇਸ ਤਰ੍ਹਾਂ ਦਾ ਵਿਤਕਰਾ ਪਾ ਦਿੱਤਾ, ਜਿਸ ਦੇ ਨਤੀਜੇ ਵਜੋਂ ਔਰਤ ਦਾ ਹਮੇਸ਼ਾ ਸੋਸ਼ਣ ਹੁੰਦਾ ਰਿਹਾ ਹੈ ਅਤੇ ਲੋਕ ਉਸ ਦਾ ਨਾਜਾਇਜ਼ ਲਾਭ ਉਠਾਉਂਦੇ ਰਹੇ ਹਨ। ਬਹੁਤ ਸਾਰੇ ਸਮਾਜ ਸੁਧਾਰਕਾਂ ਨੇ ਅਣਥੱਕ ਮਿਹਨਤ ਕਰਕੇ ਔਰਤ ਨਾਲ ਹੋ ਰਹੇ ਵਿਤਕਰੇ ਦੇ ਵਿਰੁੱਧ ਆਵਾਜ਼ ਉਠਾਈ, ਧੀਆਂ ਨੂੰ ਵੀ ਵਿੱਦਿਆ ਦਾ ਗਿਆਨ ਦੇਣ ‘ਤੇ ਜ਼ੋਰ ਦਿੱਤਾ।

ਉਹ ਆਪਣੇ ਅਧਿਕਾਰਾਂ ਅਤੇ ਫਰਜ਼ਾਂ ਪ੍ਰਤੀ ਜਾਗਰੂਕ ਹੋਣ ਦੇ ਨਾਲ ਆਤਮਨਿਰਭਰ ਵੀ ਹੋਣਾ ਸ਼ੁਰੂ ਹੋਈ, ਜਿਸ ਨੇ ਉਸ ਵਿਚ ਆਤਮਵਿਸ਼ਵਾਸ ਪੈਦਾ ਕੀਤਾ। ‘ਬੇਟੀ ਬਚਾਓ, ਬੇਟੀ ਪੜ੍ਹਾਓ’ ਨੂੰ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਅੱਜ ਹਰ ਮਾਂ-ਬਾਪ ਧੀਆਂ ਨੂੰ ਉਨ੍ਹਾਂ ਦੇ ਮੁਕਾਮ ਤੱਕ ਪਹੁੰਚਾਉਣ ਲਈ ਬੜੇ ਉਤਸ਼ਾਹ ਨਾਲ ਸਾਥ ਦੇ ਰਹੇ ਹਨ। ਹਰ ਖੇਤਰ ਵਿਚ ਧੀਆਂ ਮੱਲਾਂ ਮਾਰ ਰਹੀਆਂ ਹਨ। ਸਭ ਤੋਂ ਖੁਸ਼ੀ ਦੀ ਗੱਲ ਹੈ ਕਿ ਦੇਸ਼ ਦੇ ਸਭ ਤੋਂ ਮਹੱਤਵਪੂਰਨ ਵਿਭਾਗ (ਵਿਦੇਸ਼ ਤੇ ਸੁਰੱਖਿਆ) ਸੀਤਾਰਮਨ ਅਤੇ ਸੁਸ਼ਮਾ ਸਵਰਾਜ ਸੰਭਾਲ ਰਹੀਆਂ ਹਨ। ਪੁਰਸ਼ ਸਮਾਜ ਨੂੰ ਅੱਜ ਔਰਤ ‘ਤੇ ਮਾਣ ਕਰਨਾ ਚਾਹੀਦਾ ਹੈ ਕਿ ਮਹਿਲਾਵਾਂ ਬਾਖੂਬੀ ਨਾਲ ਉਨ੍ਹਾਂ ਦਾ ਭਾਰ ਵੰਡਾ ਰਹੀਆਂ ਹਨ। ਕੋਈ ਅਜਿਹਾ ਖੇਤਰ ਨਹੀਂ, ਜਿਥੇ ਔਰਤ ਆਪਣੀ ਕਾਮਯਾਬੀ ਦਰਜ ਨਹੀਂ ਕਰਾ ਰਹੀ।

ਚਾਹੇ ਰਾਜਨੀਤੀ, ਵਿੱਦਿਆ, ਗੀਤ, ਸੰਗੀਤ, ਖੇਡਾਂ, ਵਿਗਿਆਨ ਜਾਂ ਸਿਨੇਮਾ ਜਗਤ ਆਦਿ। ਧੀਆਂ ਦੀ ਲੋਹੜੀ ਮਨਾਉਣ ਦਾ ਮਤਲਬ ਉਨ੍ਹਾਂ ਨੂੰ ਉਡਣ ਲਈ ਖੰਭ ਦੇ ਦੇਣਾ ਹੈ। ਇਸ ਤਰ੍ਹਾਂ ਦੇ ਤਿਉਹਾਰ ਜਿਨ੍ਹਾਂ ਵਿਚ ਧੀਆਂ ਦੀ ਬਰਾਬਰ ਦੀ ਸਾਂਝ ਹੁੰਦੀ ਹੈ, ਉਨ੍ਹਾਂ ਦਾ ਹੌਸਲਾ ਤੇ ਹਿੰਮਤ ਬੁਲੰਦ ਕਰਕੇ ਅੱਗੇ ਵਧਣ ਲਈ ਨਵਾਂ ਜੋਸ਼ ਅਤੇ ਜਜ਼ਬਾ ਭਰ ਦਿੰਦੇ ਹਨ। ਕਾਮਯਾਬ ਧੀ ਦਾ ਬਾਪ ਵੀ ਸਮਾਜ ਵਿਚ ਸਿਰ ਉੱਚਾ ਕਰਕੇ ਜੀਅ ਸਕਦਾ ਹੈ। ਧੀਆਂ ਦੀ ਲੋਹੜੀ ਘਰ ਦੇ ਵਿਹੜੇ ਤੋਂ ਨਿਕਲ ਕੇ ਹੋਟਲਾਂ ਅਤੇ ਪੈਲੇਸਾਂ ਵਿਚ ਪਹੁੰਚ ਗਈ ਹੈ, ਜਿਥੇ ਨਵੀਂ ਜੰਮੀ ਬੱਚੀ ਦੀ ਲੋਹੜੀ ‘ਤੇ ਉਸ ਨੂੰ ਕਈ ਤਰ੍ਹਾਂ ਦੇ ਉਪਹਾਰ ਦਿੱਤੇ ਜਾਂਦੇ ਹਨ। ਮੂੰਗਫਲੀ, ਗੱਚਕ ਤੇ ਰਿਉੜੀਆਂ ਵੰਡੀਆਂ ਜਾਂਦੀਆਂ ਹਨ ਤੇ ਕਈ ਤਰ੍ਹਾਂ ਦੇ ਗੀਤ ਗਾਏ ਜਾਂਦੇ ਹਨ।

ਸਕੂਲ, ਕਾਲਜ ਅਤੇ ਸਮਾਜ ਸੇਵੀ ਸੰਸਥਾਵਾਂ ਦੁਆਰਾ ਵੀ ਇਸ ਤਿਉਹਾਰ ਨੂੰ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਕਈ ਜਗ੍ਹਾ ‘ਤੇ ਧੀਆਂ ਦੇ ਮਾਂ-ਬਾਪ ਨੂੰ ਸਨਮਾਨਿਤ ਕਰਨ ਦੇ ਨਾਲ, ਅਲੱਗ-ਅਲੱਗ ਖੇਤਰਾਂ ਵਿਚ ਪਹਿਚਾਣ ਬਣਾਉਣ ਵਾਲੀਆਂ ਧੀਆਂ ਦਾ ਵੀ ਮਾਣ-ਸਤਿਕਾਰ ਕੀਤਾ ਜਾਂਦਾ ਹੈ। ਧੀ ਮਸ਼ਾਲ ਤੇ ਮਿਸਾਲ ਬਣ ਚੁੱਕੀ ਹੈ। ਇਹ ਹੀ ਸਮਾਜ ਦੀ ਮਜ਼ਬੂਤੀ ਦਾ ਮੁੱਖ ਕਾਰਨ ਹੈ ਅਤੇ ਦੇਸ਼ ਦੀ ਤਰੱਕੀ ਇਨ੍ਹਾਂ ‘ਤੇ ਨਿਰਭਰ ਕਰਦੀ ਹੈ। ਆਓ ਧੀਆਂ ਦੀ ਲੋਹੜੀ ਮਨਾ ਕੇ ਇਹ ਸੰਦੇਸ਼ ਦੇਈਏ ਕਿ ਇਹ ਕੁਦਰਤ ਦਾ ਅਨਮੋਲ ਤੋਹਫ਼ਾ ਹੈ, ਜਿਸ ਬਿਨਾਂ ਜੱਗ ਅਧੂਰਾ ਹੈ।

Share this...
Share on Facebook
Facebook
error: Content is protected !!