ਪੱਤਰਕਾਰ ਛੱਤਰਪਤੀ ਹੱਤਿਆ ਕਾਂਡ ਮਾਮਲੇ ‘ਚ ਰਾਮ ਰਹੀਮ ਨੂੰ ਹੋਈ ਸਜ਼ਾ

ਪੱਤਰਕਾਰ ਛੱਤਰਪਤੀ ਹੱਤਿਆਕਾਂਡ ਮਾਮਲੇ ‘ਚ ਪੰਚਕੂਲਾ ਸਥਿਤ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਸਮੇਤ 4 ਜਾਣਿਆ ਨੂੰ ਅੱਜ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਮਾਮਲੇ ਵਿੱਚ ਸੀ.ਬੀ.ਆਈ. ਅਦਾਲਤ ਦੇ ਜੱਜ ਜਗਦੀਪ ਸਿੰਘ ਨੇ 11 ਜਨਵਰੀ 2019 ਨੂੰ ਰਾਮ ਰਹੀਮ ਸਮੇਤ 4 ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ ਸੀ ਅਤੇ 17 ਜਨਵਰੀ ਨੂੰ ਸਜ਼ਾ ਸਣਾਉਣ ਦਾ ਫ਼ੈਸਲਾ ਕੀਤਾ ਸੀ। ਦੱਸਣਯੋਗ ਹੈ ਕਿ ਮੁਲਜ਼ਮਾਂ ਨੂੰ ਵੀਡੀਓ ਕਾਨਫਰੰਂਸਿੰਗ ਰਾਹੀਂ ਸਜ਼ਾ ਸੁਣਾਈ ਗਈ ਹੈ ਕਿ ਅਦਾਲਤ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ।

ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ‘ਚ ਇਸ ਮਾਮਲੇ ਦੀ ਸਾਜ਼ਿਸ਼ ਰਚਣ ਵਾਲੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਪੇਸ਼ ਕੀਤਾ ਗਿਆ ਸੀ। ਜਿਥੇ ਰਾਮ ਰਹੀਮ ਸਮੇਤ 4 ਜਾਣਿਆ ਨੂੰ ਪੱਤਰਕਾਰ ਛੱਤਰਪਤੀ ਹੱਤਿਆਕਾਂਡ ਮਾਮਲੇ ‘ਚ ਪੰਚਕੂਲਾ ਸਥਿਤ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਇਸ ਹੱਤਿਆ ਕਾਂਡ ਨਾਲ ਜੁੜੇ ਬਾਕੀ ਦੋਸ਼ੀ ਕਿਸ਼ਨ ਲਾਲ, ਕੁਲਦੀਪ ਸਿੰਘ ਅਤੇ ਨਿਰਮਲ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹ ਸਜ਼ਾ ਵੀ ਰਾਮ ਰਹੀਮ ਨੂੰ ਰੇਪ ਕੇਸ ਵਿਚ ਸਜ਼ਾ ਸੁਣਾਉਣ ਵਾਲੇ ਜੱਜ ਜਗਦੀਪ ਸਿੰਘ ਵੱਲੋਂ ਸੁਣਾਈ ਗਈ ਹੈ।

ਮਰਹੂਮ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਹੱਤਿਆ ਕਾਂਡ ਮਾਮਲੇ ‘ਚ ਸੀ.ਬੀ.ਆਈ. ਕੋਰਟ ‘ਚ ਦੋਹਾਂ ਧਿਰਾਂ ਦੀ ਬਹਿਸ ਪੂਰੀ ਹੋਣ ਤੋਂ ਬਾਅਦ ਰਾਮ ਰਹੀਮ ਦੇ ਵਕੀਲ ਵੱਲੋਂ ਅਦਾਲਤ ਸਾਹਮਣੇ ਆਪਣਾ ਪੱਖ ਰੱਖਿਆ ਗਿਆ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਸਮਾਜ ਸੇਵਾ ‘ਚ ਰਾਮ ਰਹੀਮ ਸਰਗਰਮ ਰਹੇ ਹਨ। ਉਨ੍ਹਾਂ ਨੇ ਜੱਜ ਨੂੰ ਕਿਹਾ ਕਿ ਰਾਮ ਰਹੀਮ ਨੇ ਲੱਖਾਂ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਅਤੇ ਰਾਮ ਰਹੀਮ ਨੇ ਲੱਖਾਂ ਬੱਚਿਆ ਦੀ ਪੜ੍ਹਾਉਣ ਦੀ ਜ਼ਿੰਮੇਵਾਰੀ ਲਈ ਹੈ। ਇਹੀ ਨਹੀਂ ਸਗੋਂ ਉਨ੍ਹਾਂ ਨੇ ਲੱਖਾਂ ਸੈਨਿਕਾਂ ਦੀ ਮਦਦ ਲਈ ਖ਼ੂਨਦਾਨ ਕੈਂਪ ਵੀ ਲਗਾਏ। ਰਾਮ ਰਹੀਮ ਦੇ ਵਕੀਲ ਨੇ ਉਨ੍ਹਾਂ ਦਾ ਜੱਜ ਸਾਹਮਣੇ ਪੱਖ ਰੱਖਦਿਆਂ ਰਹਿਮ ਦੀ ਅਪੀਲ ਕੀਤੀ ਸੀ।ਉੱਥੇ ਹੀ ਸੀ.ਬੀ.ਆਈ ਦੇ ਵਕੀਲ ਨੇ ਰਾਮ ਰਹੀਮ ਨੂੰ ਫਾਂਸੀ ਦੀ ਸਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਸੀ। ਇਸ ਦੌਰਾਨ ਮਰਹੂਮ ਪੱਤਰਕਾਰ ਰਾਮ ਚੰਦਰ ਛਤਰਪਤੀ ਦੀ ਬੇਟੀ ਨੇ ਕਿਹਾ ਕਿ ਹੁਣ ਪਿਤਾ ਨੂੰ ਇਨਸਾਫ਼ ਮਿਲ ਰਿਹਾ ਹੈ।

ਉਸ ਨੇ ਕਿਹਾ ਕਿ ਇਸ ਬਲਾਤਕਾਰੀ ,ਕਾਤਲ ਅਤੇ ਆਰੋਪੀ ਨੂੰ ਫਾਂਸੀ ਹੋਣੀ ਚਾਹੀਦੀ ਹੈ। ਪੰਜਾਬ ਅਤੇ ਹਰਿਆਣਾ ‘ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਸਜ਼ਾ ਦਾ ਐਲਾਨ ਕਰਨ ਤੋਂ ਪਹਿਲਾਂ ਕੀਤੇ ਗਏ ਸਨ ਕਿਉਂਕਿ ਸਾਲ 2017 ਵਿੱਚ ਜਦੋਂ ਪੰਚਕੁਲਾ ਦੀ ਸੀਬੀਆਈ ਕੋਰਟ ਨੇ ਗੁਰਮੀਤ ਰਾਮ ਰਹੀਮ ਨੂੰ ਸਾਧਵੀਆਂ ਨਾਲ ਸਰੀਰਕ ਸੋਸ਼ਣ ਕੇਸ ਵਿੱਚ ਸਜ਼ਾ ਸੁਣਾਈ ਤਾਂ ਕਾਫ਼ੀ ਹਿੰਸਾ ਭੜਕ ਗਈ ਸੀ। ਇਸ ਵਾਰ ਅਜਿਹੇ ਹਾਲਾਤ ਨਾ ਬਣਨ , ਇਸ ਲਈ ਸਾਵਧਾਨੀ ਵਰਤੀ ਗਈ ਸੀ। ਇਸ ਦੇ ਲਈ ਪੰਜਾਬ -ਹਰਿਆਣਾ ‘ਚ ਕਈ ਥਾਵਾਂ ‘ਤੇ ਅਤੇ ਡੇਰਾ ਸਿਰਸਾ ਹੈੱਡਕੁਆਰਟਰ ਦੇ ਆਲੇ ਦੁਆਲੇ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ।

ਸਿਰਸਾ ਵਿੱਚ ਡੇਰਾ ਸੱਚਾ ਸੌਦਾ ਦਾ ਹੈਡਕੁਆਟਰ ਹੋਣ ਕਾਰਨ ਅਤੇ ਪੰਚਕੁਲਾ ਵਿੱਚ ਰਾਮ ਰਹੀਮ ਨੂੰ ਸਜ਼ਾ ਦਾ ਐਲਾਨ ਹੋਣ ਕਾਰਨ ਦੋਹੇਂ ਸ਼ਹਿਰ ਸੰਵੇਦਨਸ਼ੀਲ ਸਨ, ਇਸ ਕਰਕੇ ਇਸ ਲਈ ਸਿਰਸਾ ਅਤੇ ਪੰਚਕੁਲਾ ਵਿੱਚ ਧਾਰਾ 144 ਲਗਾਈ ਗਈ ਸੀ। ਜ਼ਿਕਰਯੋਗ ਹੈ ਕਿ 2002 ਵਿੱਚ ਡੇਰੇ ਦੇ ਕਾਰਕੁਨਾਂ ਵੱਲੋਂ ਉਸ ਦੇ ਘਰ ਗੋਲੀਆਂ ਮਾਰ ਕੇ ‘ਸੱਚ’ ਅਖ਼ਬਾਰ ਦੇ ਸੰਪਾਦਕ ਰਾਮਚੰਦਰ ਛੱਤਰਪਤੀ ਦਾ ਕਤਲ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਵੀ 2017 ਵਿੱਚ ਪੰਚਕੁਲਾ ਦੀ ਸੀਬੀਆਈ ਕੋਰਟ ਦੇ ਇਸ ਜੱਜ ਨੇ ਗੁਰਮੀਤ ਰਾਮ ਰਹੀਮ ਨੂੰ ਸਾਧਵੀਆਂ ਨਾਲ ਸਰੀਰਕ ਸੋਸ਼ਣ ਕੇਸ ਵਿੱਚ 20 ਸਾਲ ਦੀ ਸਜ਼ਾ ਸੁਣਾਈ ਸੀ ,ਜਿਸ ਕਰਕੇ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਗੁਰਮੀਤ ਰਾਮ ਰਹੀਮ ਸਜ਼ਾ ਕੱਟ ਰਿਹਾ ਹੈ।

Share this...
Share on Facebook
Facebook
error: Content is protected !!