ਕਿਸਾਨਾਂ ਨੂੰ ਆ ਗਏ ਖੇਤਾਂ ਵਾਲੀ ਬਿਜਲੀ ਦੇ 40 ਹਜ਼ਾਰ ਰੁਪਏ ਤੱਕ ਬਿੱਲ

ਛੋਟੇ ਕਿਸਾਨਾਂ ਦੇ ਕਰਜ਼ੇ ਪੰਜਾਬ ਵਿੱਚ ਜਿੱਥੇ ਸਰਕਾਰ ਮੁਆਫ਼ ਕਰ ਰਹੀ ਹੈ, ਉੱਧਰ ਦੂਸਰੇ ਪਾਸੇ ਇਹੀ ਕਿਸਾਨ ਆਪਣੀਆਂ ਮੋਟਰਾਂ ਦੇ ਪਾਣੀ ਦੇ ਬਿੱਲਾਂ ਤੋਂ ਪਰੇਸ਼ਾਨ ਹਨ। ਜ਼ਿਕਰਯੋਗ ਹੈ ਕਿ ਕਿਸਾਨਾਂ ਦੀਆਂ ਮੋਟਰਾਂ ਦੇ ਬਿੱਲ ਪੰਜਾਬ ਵਿੱਚ ਅਕਾਲੀ ਦਲ ਸਰਕਾਰ ਵੱਲੋਂ ਮੁਆਫ਼ ਕੀਤੇ ਸੀ, ਪਰ ਹੁਣ ਪਿਛਲੇ ਸਾਲ ਜਨਵਰੀ ਤੋਂ ਲੱਗਣ ਵਾਲੀਆਂ ਨਵੀਆਂ ਮੋਟਰਾਂ ਦਾ ਉਹਨਾਂ ਨੂੰ ਬਿੱਲ ਦੇਣਾ ਪੈ ਰਿਹਾ ਹੈ। ਉੱਧਰ ਬਿਜਲੀ ਮਹਿਕਮੇ ਦਾ ਕਹਿਣਾ ਹੈ ਕਿ ਇਹ ਸਰਕਾਰ ਦੀ ਪਾਲਿਸੀ ਹੈ ਜੋ ਕੁਝ ਵੀ ਹੋ ਰਿਹਾ ਹੈ।

ਕਪੂਰਥਲਾ ਦੇ ਰਾਨੀਪੁਰ ਪਿੰਡ ਵਿੱਚ ਕਿਸਾਨਾਂ ਦੇ ਖੇਤਾਂ ਵਿੱਚ ਲੱਗੀਆਂ ਇਹ ਮੋਟਰਾਂ ਹੁਣ ਕਿਸਾਨਾਂ ਲਈ ਸਿਰਦਰਦੀ ਦਾ ਕਾਰਨ ਬਣੀਆਂ ਹੋਈਆਂ ਹਨ। ਪਿਛਲੇ ਸਾਲ ਜਦੋਂ ਕਿਸਾਨਾਂ ਨੇ ਇਹ ਮੋਟਰਾਂ ਲਗਵਾਈਆਂ ਸਨ ਤਾਂ ਬਿਜਲੀ ਮਹਿਕਮੇ ਵੱਲੋਂ ਲੱਖਾਂ ਰੁਪਏ ਲਏ ਗਏ ਸਨ। ਇਨਾਂ ਕਿਸਾਨਾਂ ਨੇ ਪੈਸੇ ਦੇਣ ਲੱਗਿਆਂ ਬਿਲਕੁਲ ਵੀ ਨਹੀਂ ਸੋਚਿਆ। ਉਨ੍ਹਾਂ ਨੂੰ ਲੱਗਿਆ ਕਿ ਉਨ੍ਹਾਂ ਦੇ ਖੇਤਾਂ ਵਿੱਚ ਪਾਣੀ ਦਾ ਮਸਲਾ ਹੁਣ ਹੱਲ ਹੋ ਗਿਆ ਹੈ, ਪਰ ਅੱਜ ਵੀ ਉਨ੍ਹਾਂ ਦੀਆਂ ਮੋਟਰਾਂ ਬੰਦ ਪਈਆਂ ਹਨ। 

ਕਿਸਾਨਾਂ ਦਾ ਇਸ ਮਾਮਲੇ ਵਿੱਚ ਕਹਿਣਾ ਹੈ ਕਿ ਪਿਛਲੇ ਸਾਲ ਜਦੋਂ ਉਨਾਂ ਨੇ ਇਹ ਮੋਟਰਾਂ ਲਵਾਈਆਂ ਸੀ ਤਾਂ ਉਸਤੋਂ ਬਾਅਦ ਉਨ੍ਹਾਂ ਦੀਆਂ ਮੋਟਰਾਂ ਦੇ ਬਿੱਲ ਆਏ, ਪਰ ਉਸ ਤੋਂ ਅਗਲੇ ਮਹੀਨੇ ਤੋਂ ਬਿੱਲ ਆਉਣੇ ਬੰਦ ਹੋ ਗਏ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਹੁਣ ਉਨ੍ਹਾਂ ਨੂੰ 40 ਤੋਂ 45 ਹਜ਼ਾਰ ਦੇ ਇਕੱਠੇ ਬਿੱਲ ਭੇਜ ਦਿੱਤੇ ਗਏ ਹਨ ਜੋ ਬਹੁਤ ਵੱਡੀ ਮੁਸ਼ਕਿਲ ਬਣ ਗਈ ਹੈ। ਕਿਸਾਨਾਂ ਅਨੁਸਾਰ ਹੁਣ ਬਾਰਿਸ਼ ਹੋਣ ਕਰਕੇ ਫ਼ਸਲਾਂ ਨੂੰ ਪਾਣੀ ਮਿਲ ਗਿਆ ਪਰ ਆਉਣ ਵਾਲੇ ਸਮੇਂ ਵਿੱਚ ਭਾਰੀ ਮੁਸ਼ਕਿਲ ਹੋਣ ਵਾਲੀ ਹੈ। ਇਨ੍ਹਾਂ ਦੇ ਬਿੱਲ ਵੀ ਬਾਕੀ ਕਿਸਾਨਾਂ ਵਾਂਗ ਮੁਆਫ਼ ਕੀਤੇ ਜਾਣ ਇਨ੍ਹਾਂ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ। 

ਉੱਧਰ ਦੂਜੇ ਪਾਸੇ ਬਿਜਲੀ ਮਹਿਕਮੇ ਦੇ ਐੱਸ.ਡੀ.ਓ ਦਾ ਕਹਿਣਾ ਹੈ ਕਿ ਇਹ ਸਭ ਸਰਕਾਰ ਦੀ ਨੀਤੀ ਅਧੀਨ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਨੇ ਹੀ ਉਨ੍ਹਾਂ ਇਨ੍ਹਾਂ ਮੋਟਰਾਂ ਦੇ ਬਿੱਲ ਲੈਣ ਲਈ ਕਿਹਾ ਸੀ ਅਤੇ ਬਾਅਦ ਵਿੱਚ ਇਸਨੂੰ ਪੈਂਡਿੰਗ ਰੱਖ ਦਿੱਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਖੁਦ ਨੂੰ ਵੀ ਹੁਣ ਨਹੀਂ ਪਤਾ ਕਿ ਸਰਕਾਰ ਦਾ ਅਗਲਾ ਕਦਮ ਕੀ ਹੋਵੇਗਾ। 

Share this...
Share on Facebook
Facebook
0