ਦੰਗਲ ਦਾ ਬੇਤਾਜ਼ ਬਾਦਸ਼ਾਹ ਗਾਮਾ ਪਹਿਲਵਾਨ ਦੀ ਜ਼ਿੰਦਗੀ ਦੀ ਪੂਰੀ ਕਹਾਣੀ

ਪਹਿਲਵਾਨੀ ਦੇ ਉਹ ਦਾਅਪੇਚ ਜਿਹੜੇ ਵੱਡੇ ਵੱਡੇ ਪਹਿਲਵਾਨਾਂ ਨੂੰ ਚਿੱਤ ਕਰ ਦਿੰਦੇ ਸਨ ਦੰਗਲ ਦਾ ਬੇਤਾਜ਼ ਬਾਦਸ਼ਾਹ ਗਾਮਾ ਪਹਿਲਵਾਨ ਜਿਸ ਨੇ 17 ਸਾਲ ਦੀ ਉਮਰ ਵਿੱਚ ਹੀ ਦਿਖਾ ਦਿੱਤੇ ਸਨ । 21 ਮਈ 1880 ਨੂੰ ਮੁਹੰਮਦ ਅਜ਼ੀਜ਼ ਬਖ਼ਸ਼ ਦੇ ਘਰ ਗਾਮਾ ਪਹਿਲਵਾਨ ਦਾ ਜਨਮ ਗੁਰੂਆਂ ਦੀ ਧਰਤੀ ਅੰਮ੍ਰਿਤਸਰ ਵਿੱਚ ਹੋਇਆ ਸੀ। ਗਾਮੇ ਦਾ ਅੱਬੂ ਮੁਹੰਮਦ ਅਜ਼ੀਜ਼ ਬਖ਼ਸ਼ ਵੀ ਪਹਿਲਵਾਨ ਸੀ, ਅਤੇ ਅਖਾੜਿਆਂ ਵਿੱਚ ਜ਼ੋਰ ਅਜਮਾਈ ਲਈ ਉਤਰਿਆ ਕਰਦਾ ਸੀ। ‘ਗਾਮਾ ਪਹਿਲਵਾਨ‘ ਅਤੇ ‘ਸ਼ੇਰੇ ਪੰਜਾਬ‘ ਦੇ ਨਾਅ ਤੋਂ ਵੀ ਪ੍ਰਸਿੱਧ ਸੀ।

ਉਹ 5000 ਤੋਂ ਵੀ ਵੱਧ ਅਖਾੜਿਆਂ ਵਿੱਚ ਉਤਰਿਆ ਅਤੇ ਉਸ ਨੇ ਲਗਭਗ 50 ਸਾਲ ਪਹਿਲਵਾਨੀ ਕੀਤੀ। ਗਾਮੇ ਨੂੰ ਪੂਰੀ ਜ਼ਿੰਦਗੀ ਕਦੇ ਹਾਰ ਦਾ ਮੂੰਹ ਨਹੀਂ ਸੀ ਵੇਖਣਾ ਪਿਆ। ਅਸਲ ਵਿੱਚ ਗਾਮੇ ਦੇ ਪਰਿਵਾਰ ਦਾ ਸਬੰਧ ਦਤੀਆ ਰਿਆਸਤ ਨਾਲ ਸੀ। ਉਥੋਂ ਦੇ ਸ਼ਾਸ਼ਕ ਭਵਾਨੀ ਸਿੰਘ ਨੇ ਅਲੂੰਏ ਜਿਹੇ ਗਾਮੇ ਅਤੇ ਉਹਦੇ ਭਾਈ ਇਮਾਮ ਬਖ਼ਸ਼ ਨੂੰ ਆਪਣੀ ਸਰਪ੍ਰਸਤੀ ਹੇਠ ਰੱਖਿਆ ਹੋਇਆ ਸੀ। ਪਰ ਇਸ ਪਰਿਵਾਰ ਨੂੰ ਪੰਜਾਬ ਵਿੱਚ ਜੰਮੂ ਰਿਆਸਤ ਦੇ ਰਾਜਾ ਗੁਲਾਬ ਚੰਦ ਵੱਲੋਂ ਸਤਾਉਣ ਸਦਕਾ ਆਉਂਣਾ ਪਿਆ ਸੀ। ਇਸ ਸਭ ਦੇ ਚਲਦੇ ਗਾਮਾ ਦਾ ਮਾਮਾ ਉਸ ਨੂੰ ਜੋਧਪੁਰ ਦੇ ਰਾਜਾ ਜਸਵੰਤ ਸਿੰਘ ਕੋਲ ਵਰਜਿਸ਼ ਮੁਕਾਬਲੇ ਵਿੱਚ ਲੈ ਗਿਆ। ਆਪਣੇ ਸ਼ਾਹੀ ਪਹਿਲਵਾਨਾਂ ਵਿੱਚ ਰਾਜੇ ਨੇ ਗਾਮਾ ਨੂੰ ਸ਼ਾਮਿਲ ਕਰ ਲਿਆ। ਗਾਮੇ ਨੇ ਸਿਰਫ਼ 10 ਸਾਲ ਦੀ ਉਮਰ ਵਿੱਚ ਜੋਧਪੁਰ ਪਹਿਲਵਾਨੀ ਦੇ ਮੁਕਾਬਲੇ ਵਿੱਚ ਹਿੱਸਾ ਲਿਆ। ਛੋਟੀ ਉਮਰ ਵਿੱਚ ਹੀ ਉਹ 5੦੦ ਬੈਠਕਾਂ ਅਤੇ 500 ਡੰਡ ਕੱਢਣ ‘ਚ ਸਮਰੱਥ ਸੀ। ਜਿਵੇਂ–ਜਿਵੇਂ ਉਹ ਵੱਡਾ ਹੁੰਦਾ ਗਿਆ, ਇਨਾਂ ਦੀ ਗਿਣਤੀ ਵਧਕੇ 5000 ਬੈਠਕਾਂ ਅਤੇ 3000 ਡੰਡ ਤੱਕ ਜਾ ਪਹੁੰਚੀ।

ਇਹ ਉਸ ਦਾ ਰੋਜ਼ ਦਾ ਨਿਯਮ ਸੀ ਜਦੋਂ ਕਿ ਬਾਕੀ ਪਹਿਲਵਾਨ 1000 ਤੋਂ ਵੱਧ ਬੈਠਕਾਂ ਨਹੀਂ ਸੀ ਕੱਢ ਸਕਿਆ ਕਰਦੇ। ਗੁਲਾਮ ਮੁਹੰਮਦ ਦੇ ਪਿਤਾ ਮੁਹੰਮਦ ਅਜ਼ੀਜ਼ ਬਖ਼ਸ਼ ਖ਼ੁਦ ਇੱਕ ਭਲਵਾਨ ਸਨ। ਪਰ ਮੁਸੀਬਤ ਦਾ ਸਮਾਂ ਉਦੋਂ ਆਗਿਆ ਜਦੋਂ 4 ਸਾਲ ਦੇ ਗਾਮੇ ਦੇ ਪਿਤਾ ਦਾ ਇੰਤਕਾਲ ਹੋ ਗਿਆ। ਜੋਧਪੁਰ ਦੇ ਮਹਾਰਾਜਾ ਨੇ ਗਾਮੇ ਦੀ ਵਿਸ਼ੇਸ਼ ਸ਼ੋਅ ਪ੍ਰਾਪਤੀ ਲਈ ਉਸਨੂੰ ਵਿਜੇਤਾ ਐਲਾਨ ਕਰ ਦਿੱਤਾ। ਗਾਮੇ ਨੇ ਆਪਣੇ ਭਰਾ ਇਮਾਮ ਬਖ਼ਸ਼ ਅਤੇ ਮਾਧੋ ਸਿੰਘ ਤੋਂ ਹੀ ਪਹਿਲਵਾਨੀ ਦੇ ਗੁਰ ਸਿੱਖੇ ਸਨ। ਗਾਮੇ ਦਾ ਕੱਦ ਤਾਂ ਭਾਵੇਂ ਸਧਾਰਣ ਸੀ,ਪਰ ਭਾਰ 250 ਪੌਂਡ ਸੀ। ਉਹਦੀ ਛਾਤੀ ਦਾ ਘੇਰਾ 56 ਇੰਚ ਤੇ ਡੌਲੇ 17 ਇੰਚ ਸਨ। ਉਸ ਨੇ ਭਾਰਤ ਦੇ ਸਾਰੇ ਅਤੇ ਦੁਨੀਆਂ ਦੇ ਨਾਮੀ ਪਹਿਲਵਾਨਾਂ ਨੂੰ ਚਿੱਤ ਕਰਕੇ ਪਹਿਲਵਾਨੀ ਦੀ ਦੁਨੀਆਂ ‘ਚ ਆਪਣਾ ਸਿੱਕਾ ਜਮਾਇਆ ।

ਭਾਰਤ ਵਿੱਚ ਉਸ ਦੇ ਵਿਰੁੱਧ ਅਖਾੜੇ ‘ਚ ਉਤਰਨ ਵਾਲਾ ਰਹੀਮ ਬਖ਼ਸ਼ ਸੁਲਤਾਨ ਨਾਲ ਸਭ ਤੋਂ ਔਖਾ ਮੁਕਾਬਲਾ ਸੀ। 5 ਫੁੱਟ 7 ਇੰਚ ਦਾ ਗਾਮਾ ਜਦ 19 ਸਾਲ ਦਾ ਸੀ ਤਾਂ ਪਹਿਲੀ ਵਾਰ ਉਸ ਨੇ 7 ਫੁੱਟ ਦੇ ਰਹੀਮ ਨਾਲ ਕੁਸ਼ਤੀ ਲੜੀ ਜੋ ਕਈ ਘੰਟੇ ਚੱਲੀ। ਇਸ ਕੁਸ਼ਤੀ ਦਾ ਮੁਕਾਬਲਾ ਬਰਾਬਰ ਰਿਹਾ। ਕੁਝ ਸਾਲ ਬਾਅਦ ਅਲਾਹਾਬਾਦ ‘ਚ ਇੱਕ ਵਾਰੀ ਫਿਰ ਦੋਵੇਂ ਅਖਾੜੇ ‘ਚ ਉਤਰੇ ਤੇ ਗਾਮਾ ਨੇ ਰਹੀਮ ਨੂੰ ਹਰਾ ਕੇ ‘ਰੁਸਤਮ–ਏ–ਹਿੰਦ‘ ਦਾ ਖਿਤਾਬ ਹਾਸਲ ਕੀਤਾ। ਰਹੀਮ ਨੂੰ ਹਰਾਉਣ ਤੋਂ ਬਾਅਦ ਉਸ ਨੇ 1916 ‘ਚ ਭਾਰਤ ਦੇ ਉਸ ਸਮੇਂ ਦੇ ਸਭ ਤੋਂ ਤਾਕਤਵਰ ਪਹਿਲਵਾਨ ਪੰਡਿਤ ਬਿੱਦੂ ਨੂੰ ਹਰਾਇਆ। ਇਸ ਤੋਂ ਇਲਾਵਾ ਉਸ ਨੇ ਫਰਾਂਸ, ਸਵਿਟਜ਼ਰਲੈਂਡ, ਪੋਲੈਂਡ, ਸਵੀਡਨ ਆਦਿ ਕਈ ਦੇਸ਼ਾਂ ਦੇ ਚੈਂਪੀਅਨਾਂ ਨੂੰ ਕੁਸ਼ਤੀ ਦੇ ਮੈਦਾਨ ‘ਚ ਮਾਤ ਦਿੱਤੀ।

ਭਲਵਾਨੀ ਦੇ ਸ਼ਾਹ ਸਵਾਰ ਗਾਮੇ ਨੇ 1927 ਤੱਕ ਕੁਸ਼ਤੀ ਲੜਨ ਦੇ ਚੈਂਪੀਅਨਾਂ ਨੂੰ ਖੂੰਜੇ ਲਾਈ ਰੱਖਿਆ। ਗਾਮਾ ਉਦੋਂ 19 ਵਰਿਆਂ ਦਾ ਸੀ ਜਦ ਉਸ ਨੇ ਭਾਰਤੀ ਰੈਸਲਿੰਗ ਚੈਪੀਅਨ ਮੱਧ ਉਮਰ ਦੇ ਰਹੀਮ ਬਖ਼ਸ਼ ਸੁਲਤਾਨੀਵਾਲਾ ਜੋ ਗੁਜਰਾਂਵਾਲਾ ਨਾਲ ਸਬੰਧਤ ਸੀ ਨੂੰ ਮੁਕਾਬਲੇ ਲਈ ਵੰਗਾਰਿਆ। ਰਹੀਮ 7 ਫੁੱਟਾ ਅਤੇ ਗਾਮਾ 5 ਫੁੱਟ 7 ਇੰਚ ਦਾ ਸੀ। ਇਸ ਲਈ ਰਹੀਮ ਨੂੰ ਇਹ ਮੁਕਾਬਲਾ ਜਿੱਤਣਾ ਔਖਾ ਨਹੀਂ ਜਾਪਦਾ ਸੀ। ਉਸ ਨੂੰ ਮਹਾਰਾਜਾ ਪਟਿਆਲਾ ਨੇ ਵਧੀਆ ਸਹੂਲਤਾਂ ਅਤੇ ਪੂਰੀ ਖ਼ੁਰਾਕ ਦੇ ਕੇ ਆਪਣੇ ਕੋਲ ਰੱਖੀ ਰੱਖਿਆ। ਏਸੇ ਦੌਰਾਂਨ 10 ਸਤੰਬਰ 1910 ਨੂੰ ਲੰਡਨ ਦੇ ਸ਼ੈਫਰਡ ਬੁਸ਼ ਸਟੇਡੀਅਮ ਵਿਚਲੇ ਜਾਨ ਬੁੱਲ ਵਰਲਡ ਚੈਂਪੀਅਨਸ਼ਿਪ ਮੁਕਾਬਲੇ ਲਈ ਗਾਮੇ ਨੂੰ ਬੰਗਾਲ ਦੇ ਸੇਠ ਸ਼ਰਤ ਕੁਮਾਰ ਨੇ ਭੇਜ ਦਿੱਤਾ।

ਪਰ ਜਦ ਗਾਮੇ ਨੂੰ ਅਯੋਗ ਕਿਹਾ ਗਿਆ ਤਾਂ ਉਸ ਨੇ 5 ਮਿੰਟ ਘੁਲਣ ਵਾਲੇ ਨੂੰ 15 ਪੌਡ ਦੇਣਾ ਕਹਿਕੇ ਝੰਡੀ ਚੁੱਕ ਲਈ। ਇਸ ਚੈਲਿੰਜ ਤਹਿਤ ਗਾਮੇ ਨੇ ਅਮਰੀਕਾ ਦੇ ਰੋਲਰ ਨੂੰ ਚਿੱਤ ਕਰਨ ਮਗਰੋਂ ਦੋ ਦਿਨਾਂ ਵਿੱਚ ਕਈ ਹੋਰਨਾਂ ਨੂੰ ਵੀ ਰੋਲ ਧਰਿਆ। ਇਹ ਵੇਖ 10 ਸਤੰਬਰ 1910 ਨੂੰ ਉਹਦਾ ਮੁਕਾਬਲਾ ਵਿਸ਼ਵ ਜੇਤੂ ਪੋਲੈਂਡ ਵਾਸੀ ਸਟੈਨਲੀ ਜ਼ਬਿਸਕੋ ਨਾਲ ਕਰਵਾਇਆ ਗਿਆ। ਜਿਸਦਾ 2 ਘੰਟੇ 40 ਮਿੰਟ ਤੱਕ ਜਿੱਤ–ਹਾਰ ਦਾ ਫੈਸਲਾ ਨਾ ਹੋ ਸਕਿਆ। ਗਾਮੇ ਦੀ ਦੂਜੀ ਪਤਨੀ ਵਜ਼ੀਰ ਬੇਗਮ ਤੋਂ 5 ਪੁੱਤ ਅਤੇ 4 ਧੀਆਂ ਨੇ ਜਨਮ ਲਿਆ ਪਰ ਕੋਈ ਨਾ ਬਚਿਆ। ਸਭ ਤੋਂ ਛੋਟਾ ਜਲਾਲ ਖਾਂ ਹੀ 1932 ਤੋਂ 1945 ਤੱਕ ਜੀਵਿਆ।

1947 ਦੀ ਵੰਡ ਮਗਰੋਂ ਉਹ ਪਾਕਿਸਤਾਨ ਚਲਾ ਗਿਆ, ਜਿੱਥੇ ਉਸ ਨੇ ਆਪਣੀ ਬਾਕੀ ਜ਼ਿੰਦਗੀ ਆਪਣੇ ਭਰਾ ਇਮਾਮ ਬਖ਼ਸ਼ ਅਤੇ ਭਤੀਜੇ ਭੋਲੂ ਭਰਾਵਾਂ ਨਾਲ ਬਤੀਤ ਕੀਤੀ ।ਇੱਕ ਝੁੱਗੀਨੁਮਾਂ ਘਰ ਵਿੱਚ ਟੱਪਰੀਵਾਸਾਂ ਵਾਂਗ ਦਿਨ ਬਤੀਤ ਕੀਤੇ ਸਖ਼ਤ ਮਿਹਨਤ ਨਾਲ ਜਿੱਤੀਆਂ 7 ਵਿੱਚੋਂ 6 ਗੁਰਜਾਂ ਵੀ ਪੇਟ ਦੀ ਅੱਗ ਬੁਜਾਣ ਲਈ ਅਤੇ ਬਿਮਾਰੀ ਦੇ ਖ਼ਰਚਿਆਂ ਲਈ ਵੇਚਣੀਆਂ ਪਈਆਂ। ਲਾਹੌਰ ਦੇ ਮਿਓ ਹਸਪਤਾਲ ਵਿੱਚ 22 ਮਈ 1960 ਨੂੰ ਰੁਸਤੁਮ–ਇ–ਜ਼ਮਾਂ ਗਾਮਾ 82 ਵਰਿਆਂ ਦੀ ਉਮਰ ਬਿਤਾ ਕੇ ਮੌਤ ਹੱਥੋਂ ਜ਼ਿੰਦਗੀ ਦਾ ਆਖ਼ਰੀ ਘੋਲ ਹਾਰ ਗਿਆ ।

Share this...
Share on Facebook
Facebook
0