ਭਾਰਤੀ ਹਵਾਈ ਫੌਜ ਦਾ ਇੱਕ ਪਾਇਲਟ ਪਾਕਿਸਤਾਨ ਵਿੱਚ ਗ੍ਰਿਫਤਾਰ

ਪਾਕਿਸਤਾਨ ਵੱਲੋਂ ਭਾਰਤੀ ਹਵਾਈ ਖੇਤਰ ਦੀ ਉਲੰਘਣਾ ਬਾਰੇ ਭਾਰਤ ਸਰਕਾਰ ਨੇ ਅਧਿਕਾਰਤ ਸੂਚਨਾ ਜਾਰੀ ਕਰ ਦਿੱਤੀ ਹੈ। ਸਰਕਾਰ ਨੇ ਮੰਨਿਆ ਹੈ ਕਿ ਇਸ ਕਾਰਵਾਈ ਵਿੱਚ ਜਹਾਜ਼ ਕ੍ਰੈਸ਼ ਹੋਇਆ ਹੈ ਤੇ ਉਨ੍ਹਾਂ ਦਾ ਇੱਕ ਪਾਇਲਟ ਲਾਪਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਬੁੱਧਵਾਰ ਸਵੇਰ ਪਾਕਿਸਤਾਨ ਨੇ ਭਾਰਤੀ ਹਵਾਈ ਖੇਤਰ ਵਿੱਚ ਦਾਖ਼ਲ ਹੋ ਕੇ ਫ਼ੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਇਸ ‘ਤੇ ਜਵਾਬੀ ਕਾਰਵਾਈ ਕਰਦਿਆਂ ਭਾਰਤੀ ਹਵਾਈ ਫ਼ੌਜ ਨੇ ਪਾਕਿਸਤਾਨ ਦਾ ਇੱਕ ਲੜਾਕੂ ਜਹਾਜ਼ ਸੁੱਟ ਦਿੱਤਾ।

ਉਨ੍ਹਾਂ ਇਹ ਵੀ ਦੱਸਿਆ ਕਿ ਇਸ ਟਾਕਰੇ ਦੌਰਾਨ ਭਾਰਤ ਦਾ ਇੱਕ ਮਿੱਗ-21 ਜਹਾਜ਼ ਕ੍ਰੈਸ਼ ਹੋਇਆ ਹੈ ਤੇ ਭਾਰਤ ਦਾ ਇੱਕ ਪਾਇਲਟ ਵੀ ਲਾਪਤਾ ਹੈ। ਹਾਲਾਂਕਿ, ਇਸ ਪਾਇਲਟ ਨੂੰ ਪਾਕਿਸਤਾਨ ਨੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ, ਜਿਸ ਦੀ ਭਾਰਤ ਪੁਸ਼ਟੀ ਕਰ ਰਿਹਾ ਹੈ। ਪਾਕਿਸਤਾਨ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਹੈ ਕਿ ਉਸ ਨੇ ਆਪਣੇ ਹਵਾਈ ਖੇਤਰ ਵਿੱਚ ਦੋ ਭਾਰਤੀ ਲੜਾਕੂ ਜਹਾਜ਼ਾਂ ਨੂੰ ਸੁੱਟਿਆ ਹੈ ਤੇ ਦੋ ਪਾਇਲਟ ਵੀ ਗ੍ਰਿਫ਼ਤਾਰ ਕੀਤੇ ਹਨ। ਹਾਲਾਂਕਿ ਭਾਰਤ ਸਰਕਾਰ ਵੱਲੋਂ ਇਸ ਬਾਰੇ ਕੋਈ ਸਪਸ਼ਟੀਕਰਨ ਨਹੀਂ ਆਇਆ। ਰੱਖਿਆ ਸੂਤਰਾਂ ਨੇ ਦੱਸਿਆ ਹੈ ਕਿ ਪਾਕਿਸਤਾਨ ਦੀ ਘੁਸਪੈਠ ਵਿੱਚ ਭਾਰਤੀ ਹਵਾਈ ਫੌਜ ਦੇ ਜਹਾਜ਼ਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ।

ਇਸ ਸਬੰਧੀ ਪਾਕਿਸਤਾਨੀ ਫੌਜ ਨੇ ਵੀਡੀਓ ਵੀ ਜਾਰੀ ਕੀਤੀ ਹੈ ਜਿਸ ਵਿੱਚ ਅੱਖਾਂ ’ਤੇ ਪੱਟੀ ਬੰਨ੍ਹੀਂ ਵਿਅਕਤੀ ਨਜ਼ਰ ਆ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਇਹ ਵਿਅਕਤੀ ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਹਨ। ਵੀਡੀਓ ਵਿੱਚ ਵਿਅਕਤੀ ਖ਼ੁਦ ਕਹਿ ਰਿਹਾ ਹੈ ਕਿ ਉਹ ਭਾਰਤੀ ਹਵਾਈ ਫੌਜ ਦਾ ਅਧਿਕਾਰੀ ਹੈ। ਉਸ ਨੇ ਆਪਣਾ ਸਰਵਿਸ ਨੰਬਰ 27981 ਵੀ ਦੱਸਿਆ ਹੈ। ਹਾਲਾਂਕਿ ਇਸ ਵੀਡੀਓ ਦੀ ਪੁਸ਼ਟੀ ਨਹੀਂ ਕੀਤੀ ਜਾ ਸਕੀ।
ਬੀਤੇ ਕੱਲ੍ਹ ਭਾਰਤ ਨੇ ਪਾਕਿਸਤਾਨੀ ਹੱਦ ਅੰਦਰ ਦਾਖ਼ਲ ਹੋ ਕੇ ਬਾਲਾਕੋਟ ਸਥਿਤ ਜੈਸ਼-ਏ-ਮੁਹੰਮਦ ਦੇ ਦਹਿਸ਼ਤੀ ਕੈਂਪਾਂ ‘ਤੇ ਹਵਾਈ ਕਾਰਵਾਈ ਕੀਤੀ ਸੀ। ਇਸ ਕਾਰਵਾਈ ਮਗਰੋਂ ਪਾਕਿਸਤਾਨ ਨੇ ਵੀ ਅੱਜ ਸਵੇਰੇ ਪਲਟਵਾਰ ਕੀਤਾ ਤੇ ਕਸ਼ਮੀਰ ਦੇ ਰਾਜੌਰੀ ਤੇ ਪੁੰਛ ਜ਼ਿਲ੍ਹਿਆਂ ‘ਚ ਭਾਰਤੀ ਹਵਾਈ ਖੇਤਰ ‘ਚ ਦਾਖ਼ਲ ਹੋਏ ਤੇ ਬੰਬ ਸੁੱਟੇ। ਹਾਲਾਂਕਿ, ਇਸ ਕਾਰਵਾਈ ਦੌਰਾਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ।

Share this...
Share on Facebook
Facebook
error: Content is protected !!