ਜਾਣੋ ਕਿਵੇਂ ਪਿਆ ਹਰੀ ਸਿੰਘ ਨਲੂਆ ਦਾ ਨਲੂਆ ਨਾਂਅ

ਆਪਣੀਆਂ ਕਈ ਯੁੱਧਾਂ ‘ਚ ਸਿੱਖ ਕੌਮ ਦੇ ਕਈ ਯੋਧਿਆਂ ਨੇ ਕੁਰਬਾਨੀਆਂ ਦਿੱਤੀਆਂ। ਸਿੱਖ ਕੌਮ ਆਪਣੀਆਂ ਲਾਸਾਨੀ ਕੁਰਬਾਨੀਆਂ ਕਰਕੇ ਜਾਣੀ ਜਾਂਦੀ ਹੈ। ਗੁਰੁ ਸਾਹਿਬਾਨ ਨੇ ਦੇਸ਼ ਅਤੇ ਕੌਮ ਦੀ ਖਾਤਿਰ ਜੋ ਕੁਰਬਾਨੀਆਂ ਦਿੱਤੀਆਂ ਉਨ੍ਹਾਂ ਤੋਂ ਹਰ ਕੋਈ ਭਲੀ ਭਾਂਤ ਜਾਣੂ ਹੈ। ਜਿਨ੍ਹਾਂ ਨੇ ਦੇਸ਼ ਅਤੇ ਕੌਮ ਲਈ ਆਪਣਾ ਆਪ ਹੀ ਨਹੀਂ ਵਾਰਿਆ ਸਗੋਂ ਆਪਣਾ ਪੂਰਾ ਪਰਿਵਾਰ ਵੀ ਦੇਸ਼ ਅਤੇ ਕੌਮ ਦੇ ਲੇਖੇ ਲਾ ਦਿੱਤਾ। ਜਿਨ੍ਹਾਂ ਨੇ ਦੇਸ਼ ਅਤੇ ਕੌਮ ਦੀ ਖਾਤਿਰ ਕਈ ਕੁਰਬਾਨੀਆਂ ਦਿੱਤੀਆਂ ਨੇ ਉਨ੍ਹਾਂ ਵਿੱਚੋਂ ਹੀ ਇੱਕ ਹਨ ਹਰੀ ਸਿੰਘ ਨਲੂਆ।

ਸਤਾਰਾਂ ਸੌ ਇਕਾਨਵੇਂ ‘ਚ ਸਰਦਾਰ ਹਰੀ ਸਿੰਘ ਨਲੂਆ ਦਾ ਜਨਮ ਮਾਤਾ ਧਰਮ ਕੌਰ ਦੀ ਕੁੱਖੋਂ ਗੁਰਦਿਆਲ ਸਿੰਘ ਦੇ ਘਰ ਗੁੱਜਰਾਂਵਾਲਾ ਪਾਕਿਸਤਾਨ ਵਿਖੇ ਹੋਇਆ ਸੀ। ਹਰੀ ਸਿੰਘ ਨਲੂਆ ਅਜੇ ਬਾਲੜੀ ਉਮਰ ‘ਚ ਹੀ ਸਨ ਕਿ ਪਿਤਾ ਦਾ ਸਾਇਆ ਹਰੀ ਸਿੰਘ ਨਲੂਆ ਦੇ ਸਿਰ ਤੋਂ ਉੱਠ ਗਿਆ ਸੀ। ਉਨ੍ਹਾਂ ਦਾ ਬਚਪਨ ਜਿਸ ਤੋਂ ਬਾਅਦ ਆਪਣੇ ਨਾਨਕੇ ਘਰ ਹੀ ਬੀਤਿਆ। ਕੋਈ ਵੀ ਪ੍ਰਬੰਧ ਉਨ੍ਹਾਂ ਦੀ ਸਿੱਖਿਆ ਅਤੇ ਯੁੱਧ ਸਬੰਧੀ ਵਿੱਦਿਆ ਲਈ ਨਾ ਹੋ ਸਕਿਆ। ਪਰ ਪ੍ਰਮਾਤਮਾ ਦੀ ਬਖਸ਼ਿਸ਼ ਸਦਕਾ ਬਾਲਕ ਹਰੀ ਸਿੰਘ ਨਲੂਆ ਦੀ ਬੁੱਧੀ ਏਨੀ ਤੇਜ਼ ਸੀ ਕਿ ਉਹ ਇੱਕ ਵਾਰ ਜਿਸ ਚੀਜ਼ ਨੂੰ ਵੇਖ ਲੈਂਦਾ ਸੀ ਉਸ ਨੂੰ ਯਾਦ ਕਰ ਲੈਂਦਾ ਸੀ।

ਉਨ੍ਹਾਂ ਨੇ ਵੇਖ ਵੇਖ ਕੇ ਪੰਦਰਾਂ ਸਾਲ ਦੀ ਉਮਰ ‘ਚ ਹੀ ਹੀ ਯੁੱਧ ਕਲਾਂ ‘ਚ ਹਰ ਤਰ੍ਹਾਂ ਦੀ ਪ੍ਰਵੀਨਤਾ ਹਾਸਿਲ ਕਰ ਲਈ ਸੀ। ਇਸ ਤੋਂ ਇਲਾਵਾ ਗੁਰਮੁਖੀ ਅਤੇ ਫਾਰਸੀ ‘ਚ ਪੜਨ ਅਤੇ ਲਿਖਣ ‘ਚ ਉਹ ਮਾਹਿਰ ਹੋ ਗਏ ਸਨ। ਅਠਾਰਾਂ ਸੌ ਪੰਜ ‘ਚ ਸਿੱਖ ਫੌਜ ‘ਚ ਭਰਤੀ ਲਈ ਪਰਖ ਹੋਈ ਤਾਂ ਮਹਾਰਾਜਾ ਰਣਜੀਤ ਸਿੰਘ ਹਰੀ ਸਿੰਘ ਨਲੂਆ ਦੀ ਹਥਿਆਰ ਚਲਾਉਣ ‘ਚ ਏਨੀ ਮਹਾਰਤ ਵੇਖ ਕੇ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਿਆ ਅਤੇ ਉਨ੍ਹਾਂ ਨੇ ਹਰੀ ਸਿੰਘ ਨਲੂਆ ਨੂੰ ਆਪਣਾ ਨਿੱਜੀ ਸੇਵਾਦਾਰ ਨਿਯੁਕਤ ਕਰ ਲਿਆ। ਹਰੀ ਸਿੰਘ ਨਲੂਆ ਦੀ ਬਹਾਦਰੀ ਦੇ ਕਿੱਸੇ ਵੀ ਮਸ਼ਹੂਰ ਨੇ। ਇੱਕ ਇਹੋ ਜਿਹਾ ਹੀ ਕਿੱਸਾ ਉਦੋਂ ਦਾ ਹੈ ਜਦੋਂ ਮਹਾਰਾਜਾ ਰਣਜੀਤ ਸਿੰਘ ਜੰਗਲ ‘ਚ ਸ਼ਿਕਾਰ ਲਈ ਗਏ ਤਾਂ ਉਸੇ ਵੇਲੇ ਹਰੀ ਸਿੰਘ ਨਲੂਆ ਤੇ ਸ਼ੇਰ ਨੇ ਹਮਲਾ ਕਰ ਦਿੱਤਾ ,ਕਿ ਹਰੀ ਸਿੰਘ ਨੂੰ ਮਿਆਨ ਚੋਂ ਤਲਵਾਰ ਕੱਢਣ ਦਾ ਮੌਕਾ ਵੀ ਨਹੀਂ ਮਿਲਿਆ ਸ਼ੇਰ ਨੇ ਏਨੀ ਤੇਜ਼ੀ ਨਾਲ ਹਮਲਾ ਕੀਤਾ।

ਜਿਸ ਤੋਂ ਬਾਅਦ ਉਸ ਨੇ ਆਪਣੀ ਨਿਡਰਤਾ ਅਤੇ ਬਹਾਦਰੀ ਨਾਲ ਸ਼ੇਰ ਨੂੰ ਜਬਾੜਿਆਂ ਤੋਂ ਫੜ ਕੇ ਧਰਤੀ ‘ਤੇ ਪਟਕਾ ਮਾਰਿਆ ਅਤੇ ਤਲਵਾਰ ਨਾਲ ਸ਼ੇਰ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ। ਬਸ ਫਿਰ ਕੀ ਸੀ ਹਰੀ ਸਿੰਘ ਨਲੂਆ ਦੀ ਇਸ ਬਹਾਦਰੀ ਨੂੰ ਵੇਖਦਿਆਂ ਹੋਇਆਂ ਹਰੀ ਸਿੰਘ ਦੇ ਨਾਂਅ ਨਾਲ ਨਲੂਆ ਜੋੜ ਦਿੱਤਾ। ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਭਰੇ ਦਰਬਾਰ ‘ਚ ਜੰਗਲ ‘ਚ ਸ਼ੇਰ ਵਾਲੀ ਘਟਨਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੂੰ ਅੱਠ ਸੌ ਸੈਨਿਕਾਂ ਦਾ ਦਸਤਾ ਦੇ ਕੇ ਉਨ੍ਹਾਂ ਨੂੰ ਫੌਜੀ ਦਸਤੇ ਦਾ ਸਰਦਾਰ ਐਲਾਨ ਦਿੱਤਾ। ਪਾਕਿਸਤਾਨ ‘ਚ ਹਰੀ ਸਿੰਘ ਨਲੂਆ ਦੀਆਂ ਕਈ ਯਾਦਗਾਰਾਂ ਬਣੀਆਂ ਹੋਈਆਂ ਨੇ ਅਤੇ ਪਾਕਿਸਤਾਨ ਸਰਕਾਰ ਵੱਲੋਂ ਕਈਆਂ ਨੂੰ ਸਾਂਭਣ ਦਾ ਉਪਰਾਲਾ ਵੀ ਕੀਤਾ ਜਾ ਰਿਹਾ ਹੈ।

ਸੂਬਾ ਪਖਤੂਨਖਵਾ ‘ਚ ਬਣੀ ਹਰੀ ਸਿੰਘ ਨਲੂਆ ਦੇ ਇਤਿਹਾਸਕ ਕਿਲ੍ਹੇ ਕਿਸ਼ਨਗੜ ਨੂੰ ਪਾਕਿਸਤਾਨ ਸਰਕਾਰ ਨੇ ਅਜਾਇਬ ਘਰ ‘ਚ ਤਬਦੀਲ ਕਰਨ ਦਾ ਫੈਸਲਾ ਲਿਆ ਹੈ।ਇਤਿਹਾਸਕ ਕਿਲ੍ਹੇ ਨੂੰ ਪੁਰਾਤਤਵ ਵਿਭਾਗ ਦੇ ਸਪੁਰਦ ਕਰਨ ਲਈ ਵਿਭਾਗ ਵਲੋਂ ਸੂਬੇ ਦੇ ਮੁੱਖ ਮੰਤਰੀ ਮਹਿਮੂਦ ਖ਼ਾਨ ਨੂੰ ਪੱਤਰ ਲਿਖਿਆ ਹੈ।ਪੁਰਾਤਤਵ ਵਿਭਾਗ ਨੇ ਸਿੱਖ ਰਾਜ ਦੀ ਇਸ ਧਰੋਹਰ ਨੂੰ ਅਜਾਇਬਘਰ ‘ਚ ਤਬਦੀਲ ਕੀਤੇ ਜਾਣ ਦੀ ਮੰਗ ਕੀਤੀ ਸੀ। ਮੌਜੂਦਾ ਸਮੇਂ ਇਸਲਾਮਾਬਾਦ ਤੋਂ 65 ਕਿੱਲੋਮੀਟਰ ਦੀ ਦੂਰੀ ‘ਤੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਸ: ਹਰੀ ਸਿੰਘ ਨਲਵਾ ਦੁਆਰਾ ਵਸਾਇਆ ਸ਼ਹਿਰ ਹਰੀਪੁਰ ਆਬਾਦ ਹੈ। ਸ: ਨਲੂਆ ਨੇ ਸੰਨ 1822-23 ‘ਚ ਇਹ ਸ਼ਹਿਰ ਵਸਾਇਆ ਅਤੇ ਇਸ ਦੇ ਚਾਰੋਂ ਪਾਸੇ ਚਾਰ ਗਜ਼ ਚੌੜੀ ਅਤੇ 16 ਗਜ਼ ਉੱਚੀ ਪੱਕੀ ਫ਼ਸੀਲ ਬਣਵਾਈ, ਜਿਸ ‘ਚ ਥੋੜ੍ਹੀ-ਥੋੜ੍ਹੀ ਦੂਰੀ ‘ਤੇ ਚਾਰ ਦਰਵਾਜ਼ੇ ਵੀ ਬਣਵਾਏ ਗਏ ਸਨ।

Share this...
Share on Facebook
Facebook
error: Content is protected !!