ਲੁੱਟ ਤੋਂ ਬਚਣ ਲਈ ਹਰ ਕਿਸਾਨ ਨੂੰ ਹੋਣੀ ਚਾਹੀਦੀ ਹੈ ਇਹਨਾਂ ਗੱਲਾਂ ਦੀ ਜਾਣਕਾਰੀ

ਮੰਡੀਆਂ ਨਾਲ ਸਬੰਧਤ ਨਿਯਮਾਂ ਦੀ ਬਹੁਤੇ ਕਿਸਾਨਾਂ ਨੂੰ ਅਜੇ ਵੀ ਜਾਣਕਾਰੀ ਨਹੀਂ ਹੈ। ਜਿਸ ਦੇ ਨਤੀਜੇ ਵਜੋਂ ਉਨ੍ਹਾਂ ਦੀ ਆੜਤੀਆਂ ਵਲੋਂ ਖੱਜਲ-ਖੁਆਰੀ ਹੋਣ ਦੇ ਇਲਾਵਾ ਅਸਾਨੀ ਨਾਲ ਲੁੱਟ-ਖਸੁੱਟ ਹੋ ਜਾਂਦੀ ਹੈ। ਇਸ ਤਹਿਤ ਐਫ. ਸੀ. ਆਈ. ਵੱਲੋਂ ਕਣਕ ਦੀ ਖ਼ਰੀਦ ਲਈ ਨਿਰਧਾਰਤ ਕੀਤੇ ਗਏ ਮਾਪਦੰਡਾਂ ਅਨੁਸਾਰ ਕਣਕ ਵਿਚ
ਦੂਸਰੇ ਅਨਾਜ ਦੇ ਦਾਣੇ 2 ਫੀਸਦੀ, ਖਰਾਬ ਦਾਣੇ 2 ਫੀਸਦੀ, ਘੱਟ ਖਰਾਬ ਦਾਣੇ 6 ਫੀਸਦੀ ਅਤੇ ਟੁੱਟੇ/ਪਿਚਕੇ ਹੋਏ ਦਾਣਿਆਂ ਦੀ ਮਾਤਰਾ 6 ਫੀਸਦੀ, ਨਮੀ ਦੀ ਮਾਤਰਾ 12 ਫ਼ੀਸਦੀ, ਮਿੱਟੀ ਤੇ ਤੂੜੀ ਦੇ ਇਲਾਵਾ ਹੋਰ ਗੈਰ ਉਪਯੋਗੀ ਵਸਤੂਆਂ ਦੀ ਮਾਤਰਾ 0. 75 ਫੀਸਦੀ,ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ।

ਇਸ ਲਈ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਕਣਕ ਨੂੰ ਸੁਕਾ ਕੇ ਇਸ ਦੀ ਕਟਾਈ ਸਮੇਂ ਸਿਰ ਕਰਨ ਕਿਉਂਕਿ ਜੇਕਰ ਫ਼ਸਲ ਦੇ ਪੂਰੀ ਤਰ੍ਹਾਂ ਪੱਕਣ ਤੋਂ ਪਹਿਲਾਂ ਕਟਾਈ ਕਰ ਦਿੱਤੀ ਜਾਵੇ ਤਾਂ ਦਾਣੇ ਸੁੰਗੜ ਜਾਂਦੇ ਹਨ। ਕਿਸਾਨ ਵੱਲੋਂ ਲਿਆਂਦੀ ਗਈ ਕਣਕ ਦੀ ਢੇਰੀ ਤੁਰੰਤ ਆੜ੍ਹਤੀ ਕੋਲ ਮੌਜੂਦ ਰਜਿਸਟਰ ਵਿਚ ਦਰਜ ਹੋਣੀ ਚਾਹੀਦੀ ਹੈ।
ਦਿਨ ਵਿਚ ਦੋ ਵਾਰ ਕਣਕ ਦੀ ਖ਼ਰੀਦ ਲਈ ਮੰਡੀ ਵਿਚ ਖ਼ਰੀਦ ਏਜੰਸੀਆਂ ਦੇ ਨੁਮਾਇੰਦੇ ਬੋਲੀ ਲਗਾਉਂਦੇ ਹਨ ਜਿਸ ਤਹਿਤ ਉਪਰੋਕਤ ਮਾਪਦੰਡਾਂ ‘ਤੇ ਖਰੀ ਉੱਤਰਦੀ ਕਣਕ ਨੂੰ ਸਰਕਾਰ ਵੱਲੋਂ ਨਿਰਧਾਰਤ ਮੁੱਲ 1,840 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖ਼ਰੀਦਿਆ ਜਾਣਾ ਚਾਹੀਦਾ ਹੈ।

ਇਸ ਮਾਮਲੇ ਵਿਚ ਕਿਸਾਨਾਂ ਨੂੰ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਮੰਡੀ ਵਿਚ ਕਿਸਾਨ ਨੇ ਸਿਰਫ਼ ਕਣਕ ਦੀ ਲੁਹਾਈ ਅਤੇ ਸਫ਼ਾਈ ਦਾ ਖ਼ਰਚਾ ਹੀ ਦੇਣਾ ਹੁੰਦਾ ਹੈ ਅਤੇ ਜੇਕਰ ਕਿਸਾਨ ਇਹ ਕੰਮ ਖ਼ੁਦ ਕਰ ਲੈਂਦੇ ਹਨ ਤਾਂ ਉਨ੍ਹਾਂ ਨੂੰ ਇਸ ਕੰਮ ਦੀ ਕੋਈ ਫ਼ੀਸ ਦੇਣ ਦੀ ਲੋੜ ਨਹੀਂ ਹੁੰਦੀ। ਸਰਕਾਰ ਵੱਲੋਂ 50 ਕਿੱਲੋ ਭਾਰ ਵਾਲੀ ਕਣਕ ਦੀ ਇਕ ਬੋਰੀ ਦੀ ਲੁਹਾਈ ਲਈ 2 ਰੁਪਏ 10 ਪੈਸੇ ਦਾ ਰੇਟ ਨਿਰਧਾਰਤ ਕੀਤਾ ਗਿਆ ਹੈ। ਇਸੇ ਤਰ੍ਹਾਂ ਕਣਕ ਦੀ ਇਕ ਬੋਰੀ ਦੀ ਸਫ਼ਾਈ ਦਾ 3 ਰੁਪਏ 75 ਪੈਸੇ ਖਰਚਾ ਮਿਲਾ ਕੇ ਕਿਸਾਨ ਨੇ 50 ਕਿੱਲੋ ਦੀ ਬੋਰੀ ਲਈ ਸਿਰਫ਼ 5 ਰੁਪਏ 85 ਪੈਸੇ ਹੀ ਅਦਾ ਕਰਨੇ ਹੁੰਦੇ ਹਨ।

ਇਸ ਦੇ ਇਲਾਵਾ ਫ਼ਸਲ ਦੀ ਖ਼ਰੀਦ ਸਬੰਧੀ ਦਿੱਤੀ ਜਾਣ ਵਾਲੀ ਮਾਰਕੀਟ ਫ਼ੀਸ, ਆੜ੍ਹਤ ਅਤੇ ਪੇਂਡੂ ਵਿਕਾਸ ਫ਼ੰਡ ਆਦਿ ਨਾਲ ਸਬੰਧਿਤ ਖ਼ਰਚੇ ਕਿਸਾਨ ਦੀ ਬਜਾਏ ਆੜਤੀਏ ਨੇ ਹੀ ਦੇਣੇ ਹੁੰਦੇ ਹਨ। ਖਰੀਦੀ ਹੋਈ ਫਸਲ ਦੀ ਭਰਾਈ, ਤੁਲਾਈ ਤੇ ਸਿਲਾਈ ਦੇ ਪੈਸੇ ਵੀ ਆੜਤੀਏ ਨੇ ਹੀ ਦੇਣੇ ਹੁੰਦੇ ਹਨ। ਕਿਸਾਨਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਫ਼ਸਲ ਦੀ ਤੁਲਾਈ ਦੇ ਬਾਅਦ ‘ਜੇ’ ਫਾਰਮ ਲੈ ਕੇ ਉਸ ਦੀ ਜ਼ਿੰਮੇਵਾਰੀ ਖ਼ਤਮ ਹੋ ਜਾਂਦੀ ਹੈ। ਆੜ੍ਹਤੀ ਨੇ ਮੰਡੀ ਬੋਰਡ ਦੀਆਂ ਹਦਾਇਤਾਂ ਅਨੁਸਾਰ ਤਰਪਾਲਾਂ ਦਾ ਪ੍ਰਬੰਧ ਕਰਕੇ ਫਸਲ ਨੂੰ ਮੀਂਹ-ਝੱਖੜ ਤੋਂ ਬਚਾਉਣਾ ਹੁੰਦਾ ਹੈ।

ਖ਼ਰੀਦੀ ਹੋਈ ਕਣਕ ਦੀ ਅਦਾਇਗੀ ਕਰਾਉਣ ਲਈ 24 ਘੰਟੇ ਦੇ ਅੰਦਰ-ਅੰਦਰ ਖ਼ਰੀਦ ਏਜੰਸੀ ਨੂੰ ਇਸ ਨਾਲ ਸਬਧਿਤ ਸਾਰੀ ਵਿਸਥਾਰ ਭੇਜਣੀ ਹੁੰਦੀ ਹੈ ਅਤੇ ਆੜਤੀਏ ਨੇ 72 ਘੰਟਿਆਂ ਦੇ ਅੰਦਰ-ਅੰਦਰ ਖ਼ਰੀਦੀ ਹੋਈ ਕਣਕ ਨੂੰ ਚੁਕਵਾਉਣਾ ਹੁੰਦਾ ਹੈ। ਇਹ ਚੁਕਵਾਈ ਸਮੇਂ ਸਿਰ ਨਾ ਹੋਣ ‘ਤੇ ਆੜਤੀਏ ਨੂੰ ਇਕ ਦਿਨ ਦੀ ਦੇਰੀ ਲਈ ਜੁਰਮਾਨਾ ਪਾਉਣ ਦੀ ਵੀ ਵਿਵਸਥਾ ਹੈ। ਕਿਸਾਨ ਨਾ ਸਿਰਫ਼ ਮੰਡੀਆਂ ਅੰਦਰ ਆਪਣੀ ਖੱਜਲ ਖੁਆਰੀ ਤੋਂ ਉਪਰੋਕਤ ਕੁਝ ਅਹਿਮ ਗੱਲਾਂ ਸਬੰਧੀ ਜਾਣਕਾਰੀ ਪ੍ਰਾਪਤ ਕਰਕੇ ਬਚ ਸਕਦੇ ਹਨ ਸਗੋਂ ਉਹ ਫ਼ਸਲ ਦਾ ਸਹੀ ਮੁੱਲ ਵੀ ਪ੍ਰਾਪਤ ਕਰ ਸਕਦੇ ਹਨ। ਪੰਜਾਬ ਵਿੱਚ ਇਸ ਵਾਰ ਕਣਕ ਦੀ ਖਰੀਦ ਲਈ ਲਗਭਗ 1834 ਮੰਡੀਆਂ ਹਨ। ਜਿਸ ਵਿੱਚ ਫਸਲ ਦੀ ਕੀਮਤ ਅਤੇ ਖਰਚੇ ਬਾਰੇ ਜਾਣਕਾਰੀ ਲਿਖੀ ਹੁੰਦੀ ਹੈ ਆਪਣੇ ਆੜਤੀ ਕੋਲੋਂ ਜਿਮੀਂਦਾਰਾ ਫਾਰਮ(ਜੇ ਫਾਰਮ) ਜਰੂਰ ਲਵੋ।

Share this...
Share on Facebook
Facebook
error: Content is protected !!