ਨੁਕਸਾਨ ਝੱਲੇ ਸਿਰਫ ਪੰਜਾਬ ਪਰ ਫ੍ਰੀ ਵਿੱਚ ਪਾਣੀ ਸਭ ਨੂੰ ਚਾਹੀਦਾ

ਹਿਮਾਚਲ ਪ੍ਰਦੇਸ਼ ‘ਚ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਮੀਂਹ ਪੈਣ ਕਰਕੇ ਗੋਬਿੰਦ ਸਾਗਰ ਝੀਲ ਵਿੱਚ ਪਾਣੀ ਦਾ ਪੱਧਰ ਬਹੁਤ ਵੱਧ ਗਿਆ ਹੈ। ਜਿਥੇ ਭਾਖੜਾ ਡੈਮ ‘ਚ ਪਾਣੀ ਦਾ ਪੱਧਰ ਕਰੀਬ 1,670 ਫੁੱਟ ਤੱਕ ਪੁੱਜ ਗਿਆ ਹੈ। ਇਸ ਕਰਕੇ ਬੀਤੇ ਕੱਲ੍ਹ ਭਾਖੜਾ ਬਿਆਸ ਬੋਰਡ ਮੈਨੇਜਮੈਂਟ ਬੋਰਡ ਵੱਲੋਂ ਭਾਖੜਾ ਬੰਨ੍ਹ ਦੇ ਫ਼ਲੱਡ-ਗੇਟ ਖੋਲ੍ਹ ਦਿੱਤੇ ਹਨ , ਜਿਸ ਨਾਲ ਵਾਧੂ ਪਾਣੀ ਨੂੰ ਸਤਲੁਜ ਦਰਿਆ ਅਤੇ ਵੱਖ-ਵੱਖ ਨਹਿਰਾਂ ਵਿੱਚ ਛੱਡਿਆ ਜਾ ਰਿਹਾ ਹੈ। ਪੰਜਾਬ ਦੇ ਕਈ ਇਲਾਕਿਆਂ ‘ਚ ਬੀਤੇ ਦਿਨ ਤੋਂ ਪੈ ਰਹੀ ਭਾਰੀ ਬਾਰਿਸ਼ ਕਾਰਨ ਸਤਲੁਜ ਅਤੇ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵੀ ਵੱਧ ਗਿਆ ਹੈ। ਜਿਸ ਕਾਰਨ ਪ੍ਰਸ਼ਾਸਨ ਨੇ ਹਾਈ ਅਲਰਟ ਜਾਰੀ ਕਰ ਲੋਕਾਂ ਨੂੰ ਚੌਕਨਾ ਰਹਿਣ ਨੂੰ ਕਿਹਾ ਹੈ।

ਇਸ ਦੌਰਾਨ ਡੀ. ਸੀ. ਕਪੂਰਥਲਾ ਇੰਜੀ. ਡੀ. ਪੀ. ਐੱਸ. ਖਰਬੰਦਾ ਦਾ ਕਹਿਣਾ ਹੈ ਕਿ ਪੰਜਾਬ ‘ਚ ਭਾਰੀ ਮੀਂਹ ਦੀ ਸੂਚਨਾ ਤੋਂ ਬਾਅਦ ਦਰਿਆ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ ਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਘਰਾਂ ਨੂੰ ਛੱਡ ਕੇ ਨਾ ਜਾਣ ਤੇ ਘਰਾਂ ‘ਚ ਰਹਿਣ। ਉਨ੍ਹਾਂ ਕਿਹਾ ਕਿ ਹੜ੍ਹ ਤੋਂ ਬਚਾਅ ਦੇ ਲਈ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਲੋਕਾਂ ਦਾ ਮੁਸ਼ਕਿਲ ਸਮੇਂ ‘ਤੇ ਪੂਰਾ ਸਾਥ ਦਿੱਤਾ ਜਾਵੇਗਾ। ਭਾਰੀ ਬਾਰਿਸ਼ ਕਾਰਨ ਅਲਰਟ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਲੋਕਾਂ ਦੀ ਮੱਦਦ ਲਈ ਤਿਆਰ,ਅੰਮ੍ਰਿਤਸਰ: ਭਾਰੀ ਬਾਰਿਸ਼ ਕਾਰਨ ਭਾਖੜਾ ਡੈਮ ਵਿਚ ਪਾਣੀ ਦਾ ਪੱਧਰ ਵਧਣ ’ਤੇ ਜਾਰੀ ਕੀਤੇ ਗਏ ਅਲਰਟ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ ਵੱਲੋਂ ਲੋਕਾਂ ਦੀ ਮੱਦਦ ਲਈ ਪ੍ਰਬੰਧ ਕੀਤੇ ਜਾ ਰਹੇ ਹਨ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿਰਦੇਸ਼ਾਂ ’ਤੇ ਵੱਖ ਵੱਖ ਗੁਰਦੁਆਰਾ ਸਾਹਿਬਾਨ ਵਿਖੇ ਸੰਗਤ ਦੀ ਰਿਹਾਇਸ਼ ਤੇ ਲੰਗਰ ਆਦਿ ਦੇ ਪ੍ਰਬੰਧਾਂ ਲਈ ਤਿਆਰ ਰਹਿਣ ਨੂੰ ਕਿਹਾ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਅਨੁਸਾਰ ਬਾਰਿਸ਼ ਦੇ ਚੱਲਦਿਆਂ ਪੰਜਾਬ ਅੰਦਰ ਕੁਝ ਇਲਕਿਆ ਵਿਚ ਸਰਕਾਰ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ਕਾਰਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸੰਗਤ ਲਈ ਲੋੜੀਂਦੇ ਪ੍ਰਬੰਧ ਕਰਨ ਲਈ ਕਿਹਾ ਹੈ। ਭਾਖੜਾ ਡੈਮ ਦਾ ਪਣੀ ਛੱਡਣ ਦੀ ਸਥਿਤੀ ਵਿਚ ਸਰਕਾਰ ਨੇ ਸਤਲੁਜ ’ਚ ਪਾਣੀ ਵਧਣ ਕਾਰਨ ਜਲੰਧਰ ਤੇ ਫਿਰੋਜਪੁਰ ਦੇ ਲੋਕਾਂ ਨੂੰ ਸੁਚੇਤ ਕੀਤਾ ਹੈ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਲੋੜ ਪੈਣ ’ਤੇ ਲੋਕਾਂ ਦੀ ਮੱਦਦ ਲਈ ਤਿਆਰ ਹੈ ਅਤੇ ਲੰਗਰ ਤੇ ਰਿਹਾਇਸ਼ ਦੇ ਪ੍ਰਬੰਧਾਂ ਲਈ ਗੁਰਦੁਆਰਾ ਸਾਹਿਬ ਦੇ ਮੈਨੇਜਰਾਂ ਨੂੰ ਆਖਿਆ ਜਾ ਰਿਹਾ ਹੈ।

Share this...
Share on Facebook
Facebook
error: Content is protected !!