ਖਾਲਸਾ ਏਡ ਦਾ ਮੱਝਾਂ ਵੰਡਣ ਦਾ ਸਿੱਖ ਇਤਿਹਾਸ ਨਾਲ ਸੰਬੰਧ

ਸਿੱਖ ਹੜ ਪੀੜਤਾਂ ਨੂੰ ਮੱਝਾਂ ਕਿਉਂ ਵੰਡ ਰਹੇ ਨੇ। ਅੱਜ ਜਦੋਂ ਪੰਜਾਬ ਵਿੱਚ ਹਜਾਰਾਂ ਦੁਧਾਰੂ ਪਸ਼ੂ ਸਰਕਾਰ ਵੱਲੋਂ ਭਾਖੜਾ ਦਾ ਪਾਣੀ ਖੋਲ ਕੇ ਰੋੜ ਦਿਤੇ ਗਏ ਤਾਂ ਪੀੜਤਾਂ ਨੂੰ ਖਾਲਸਾ ਏਡ ਨੇ ਦੁਧਾਰੂ ਮੱਝਾਂ ਵੰਡਣੀਆਂ ਸ਼ੁਰੂ ਕਰ ਦਿੱਤੀਆਂ ਹਨ। ਖਾਲਸਾ ਏਡ ਦੇ ਮੁਖੀ ਰਵੀ ਸਿੰਘ ਨੇ ਆਪਣੀ ਪੰਜਾਬ ਟੀਮ ਦੀ ਪਿੱਠ ਥਾਪੜਦਿਆਂ ਕਿਹਾ ਕਿ ਇਹ ਬਹੁਤ ਸੋਹਣਾ ਤੇ ਨਵਾਂ ਵਿਚਾਰ ਹੈ। ਪਰ ਮੱਝਾਂ ਗਾਵਾਂ ਵੰਡਣ ਦਾ ਇਹ ਵਰਤਾਰਾ ਸਿੱਖਾਂ ਦੇ ਖੂਨ ਵਿੱਚ ਪਿਆ ਹੋਇਆ ਹੈ। ਗੁਰੂ ਹਰਗੋਬਿੰਦ ਪਾਤਸ਼ਾਹ ਨੇ ਜਦੋਂ ਮਾਲਵਾ ਦੇਸ਼ ਨੂੰ ਭਾਗ ਲਾਏ ਤਾਂ ਉਨ੍ਹਾਂ ਦਿਨਾਂ ਵਿੱਚ ਇੱਥੇ ਕਾਲ ਪਿਆ ਹੋਇਆ ਸੀ।

ਸਾਧੂ ਦਿਆਲ ਦਾਸ ਦੀ ਲਿਖਤ ਸਾਖੀ “ਮਾਲਵਾ ਦੇਸ਼ ਰਟਨ ” ਜੋ ਕਿ ਭਾਈ ਵੀਰ ਸਿੰਘ ਨੇ ਪ੍ਰਕਾਸ਼ਤ ਕੀਤੀ ਉਸ ਵਿੱਚ ਲਿਖਿਆ ਮਿਲਦਾ ਹੈ ਤੇ ਕਾਲ ਨਾਲ ਝੰਬੇ ਹੋਏ ਮਾਲਵੇ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਪਿੰਡੋਂ ਪਿੰਡ ਜਾਂਦੇ, ਲੰਗਰ ਲਾਉਂਦੇ, ਲੋਕਾਂ ਨੂੰ ਮੱਝਾਂ ਗਾਵਾਂ ਤੇ ਬਲਦ ਲੈਣ ਲਈ ਮਾਇਆ ਬਖਸ਼ਦੇ । ਪਾਤਸ਼ਾਹ ਨੇ ਮਾਲਵੇ ਵਿੱਚ ਬਹੁਤ ਸਾਰੇ ਖੂਹ ਅਤੇ ਰੁੱਖ ਲਵਾਏ ।ਇਉਂ ਮਾਲਵਾਂ ਦੇਸ਼ ਤੇ ਲੱਖੀ ਜੰਗਲ ਵਿੱਚ ਗੁਰਾਂ ਕੀ ਸਿੱਖੀ ਦਾ ਬੋਲਬਾਲਾ ਹੋਇਆ । ਸੋ ਇਹ ਨੇਕ ਕਮਾਈਆਂ ਤੇ ਖਿਆਲ ਸਿੱਖਾਂ ਦੇ ਅਚੇਤ ਮਨ ‘ਚ ਪਏ ਹਨ ਜਿਨ੍ਹਾਂ ਉਤੇ ਅਧੁਨਿਕ ਦੌਰ ਵਿਚਲੇ ਮਾਇਆ ਦੇ ਪਸਾਰੇ ਦਾ ਵੀ ਅਸਰ ਨਹੀਂ ।  ਹੜ੍ਹ ਨੇ ਅਜਿਹੀ ਮਾਰ ਦੇਸ਼ ਦੇ ਖੁਸ਼ਹਾਲ ਸੂਬੇ ਪੰਜਾਬ ਨੂੰ ਮਾਰੀ ਕਿ ਹਰ ਪਾਸੇ ਤਬਾਹੀ ਦਾ ਮੰਜਰ ਦਿਖਣ ਲੱਗਾ। ਅਜਿਹੇ ਔਖ ਸਮੇਂ ’ਚ ਜੇਕਰ ਕਿਸੇ ਨੇ ਪੰਜਾਬ ਤੇ ਪੰਜਾਬੀਆਂ ਨੂੰ ਸੰਭਾਲਿਆ ਤਾਂ ਉਹ ਸੀ ਪੰਜਾਬੀ ਖੁਦ ਆਪ।

ਜਾਣਕਾਰੀ ਮੁਤਾਬਕ ਖਾਲਸਾ ਏਡ ਹੜ੍ਹ ਪੀੜਤਾਂ ਵੱਲ ਮਦਦ ਦਾ ਹੱਥ ਵਧਾਉਣ ਵਾਲਿਆਂ ’ਚੋਂ ਇਕ ਹੈ , ਜਿਸ ਨੇ ਲੋੜ ਦਾ ਹਰ ਇਕ ਸਾਮਾਨ ਹੜ੍ਹ ਪੀੜਤਾਂ ਤੱਕ ਪਹੁੰਚਾਇਆ, ਹੁਣ ਜਦੋਂ ਪਿੰਡਾਂ ’ਚ ਹੜ੍ਹ ਦਾ ਪਾਣੀ ਨਿਕਲ ਗਿਆ ਹੈ ਤਾਂ ਜ਼ਿੰਦਗੀ ਮੁੜ ਪਟੜੀ ’ਤੇ ਲਿਆਉਣ ਲਈ ਖਾਲਸਾ ਏਡ ਵਲੋਂ ਮੁੜ ਵਸੇਬਾ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ। ਇਸ ਪ੍ਰਾਜੈਕਟ ਦੇ ਤਹਿਤ ਖਾਲਸਾ ਏਡ ਵਲੋਂ ਪ੍ਰਭਾਵਿਤ ਪਰਿਵਾਰਾਂ ਨੂੰ ਰੋਜ਼ਗਾਰ ਦਾ ਸਾਧਨ ਮੁਹੱਈਆ ਕਰਵਾਇਆ ਜਾ ਰਿਹਾ ਹੈ, ਜਿਨ੍ਹਾਂ ਦੇ ਰੋਜ਼ਗਾਰ ਦਾ ਸਾਧਨ ਸਿਰਫ ਪਸ਼ੂ ਸਨ। ਅਜਿਹੇ ਪਰਿਵਾਰਾਂ ਨੂੰ ਖਾਲਸਾ ਏਡ ਵਲੋਂ ਇਕ-ਇਕ ਡੰਗਰ ਲੈ ਕੇ ਦਿੱਤਾ ਜਾ ਰਿਹਾ ਹੈ, ਤਾਂ ਜੋ ਉਨ੍ਹਾਂ ਨੂੰ ਕਿਸੇ ਅੱਗੇ ਆਪਣੇ ਪਰਿਵਾਰ ਨੂੰ ਪਾਲਣ ਲਈ ਹੱਥ ਨਾ ਅੱਡਣਾ ਪਵੇ। ਦੱਸਣਯੋਗ ਹੈ ਕਿ ਹੜ੍ਹ ਭਾਵੇਂ ਪਿੰਡਾਂ ’ਚੋਂ ਬਹੁਤ ਕੁਝ ਵਹਾਅ ਕੇ ਲੈ ਗਿਆ ਹੈ, ਪਰ ਪੰਜਾਬੀਆਂ ਦੀ ਹਿੰਮਤ ਤੇ ਇਕ-ਦੂਜੇ ਲਈ ਮਦਦ ਤੇ ਸੇਵਾ ਦੀ ਭਾਵਨਾ ਬੇਹੱਦ ਹੈ। ਇਕ-ਦੂਜੇ ਦੀ ਮਦਦ ਲਈ ਪੰਜਾਬੀ ਹਮੇਸ਼ਾਂ ਤਿਆਰ ਰਹਿੰਦੇ ਹਨ।

Share this...
Share on Facebook
Facebook
error: Content is protected !!