ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਨੇ ਲਈ ਸੀ ਹਵਾਈ ਜਹਾਜ਼ ਦੀ ਟ੍ਰੇਨਿੰਗ

ਜਿੰਨ੍ਹਾਂ ਵਿੱਚ ਮਾਨਵਤਾ ਦੇ ਲਈ ਕੁਝ ਕਰ ਗੁਜ਼ਰਨ ਦੀ ਲਾਲਸਾ ਵੀ ਨਾਲ ਹੀ ਜਨਮ ਲੈਂਦੀ ਹੈ ਕੁਝ ਇਸ ਤਰ੍ਹਾਂ ਦੇ ਇਨਸਾਨ ਇਸ ਦੁਨੀਆਂ ਵਿੱਚ ਜਨਮ ਲੈਂਦੇ ਹਨ। ਉਹਨਾਂ ਦੁਆਰਾ ਇਸ ਸੰਸਾਰ ਦੇ ਵਿਕਾਸ ਦੇ ਰਸਤੇ ‘ਤੇ ਪਾਈਆਂ ਪੈਡ਼ਾਂ ਕਦੇ ਵੀ ਨਾ-ਮਿਟਣ ਵਾਲੇ ਨਿਸ਼ਾਨ ਛੱਡ ਜਾਂਦੀਆਂ ਹਨ। ਉਹ ਲੋਕ ਭਾਵੁਕ, ਸਨਕੀ ਜਾਂ ਪਾਗਲ ਹੁੰਦੇ ਹਨ ਇਹ ਤਾਂ ਪਤਾ ਨਹੀਂ, ਪਰ ਉਹਨਾਂ ਵਿੱਚ ਆਮ ਲੋਕਾਂ ਨਾਲੋਂ ਕੁਝ ਅਲੱਗ ਜ਼ਰੂਰ ਹੁੰਦਾ ਹੈ। ਉਹ ਲੋਕ ਸੰਸਾਰ ਦੇ ਇਤਿਹਾਸ ਦੇ ਆਕਾਸ਼ ਉੱਪਰ ਕਦੇ ਨਾ-ਟੁੱਟਣ ਵਾਲਾ ਅਤੇ ਸਦਾ ਰੌਸ਼ਨ ਰਹਿਣ ਵਾਲਾ ਤਾਰਾ ਬਣ ਕੇ ਚਮਕਦੇ ਹਨ,ਜਿੰਨ੍ਹਾਂ ‘ਤੋਂ ਸੇਧ ਲੈ ਕੇ ਆਉਣ ਵਾਲੀਆਂ ਨਸਲਾਂ ਆਪਣੀ ਮੰਜ਼ਿਲ ਤਲਾਸ਼ਦੀਆਂ ਹਨ। ਇੱਕ ਇਸੇ ਹੀ ਤਰ੍ਹਾਂ ਹਮੇਸ਼ਾ ਜਗਮਗ-ਜਗਮਗ ਕਰਦਾ ਰਹਿਣ ਵਾਲਾ ਸਿਤਾਰਾ ਹੈ ਸ਼ਹੀਦ ਸ: ਕਰਤਾਰ ਸਿੰਘ ‘ਸਰਾਭਾ’।

ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਹੋਵੇਗਾ ਕਿ ਸਰਦਾਰ ਕਰਤਾਰ ਸਿੰਘ ਸਰਾਭਾ ਸਬ ਤੋਂ ਪਹਿਲਾ ਸਿੱਖ ਹੈ ਜਿਸਨੇ ਹਵਾਈ ਜਹਾਜ ਦੀ ਟਰੇਨਿੰਗ ਲਈ ਸੀ। ਕਿਸੇ ਵੀ ਭਾਰਤੀ ਨੂੰ ਇਸਤੋਂ ਪਹਿਲਾਂ ਹਵਾਈ ਜਹਾਜ ਚਲਾਉਣਾ ਨਹੀਂ ਸੀ ਆਉਂਦਾ। ਗਦਰੀ ਬਾਬੇ ਸੋਹਣ ਸਿੰਘ ਭਕਨਾ ਦੀ ਇੱਕ ਰਚਨਾ ਅਨੁਸਾਰ ਕਿਸੇ ਜਰਮਨ ਕੰਪਨੀ ਤੋਂ ਸ.ਸਰਾਭੇ ਨੂੰ ਸੈਨਫਰਾਂਸਿਸਕੋ ਦੇ ਜਰਮਨ ਕੌਂਸਲਰ ਰਾਹੀਂ ਟਰੇਨਿੰਗ ਦਵਾਈ ਗਈ ਸੀ। ਸਰਦਾਰ ਸਰਾਭੇ ਦਾ ਨਾਮ ਲੈਂਦਿਆਂ ਅੱਖਾਂ ਸਾਹਮਣੇ ਇੱਕ ਸਿੱਖ ਨੌਜਵਾਨ ਦੀ ਤਸਵੀਰ ਆ ਜਾਂਦੀ ਹੈ ਜਿਹੜਾ ਆਜ਼ਾਦੀ ਖਾਤਿਰ ਸਿਰਫ 19 ਸਾਲ ਦੀ ਉਮਰ ਵਿਚ ਹੀ ਫਾਂਸੀ ਦੇ ਤਖਤੇ ਤੇ ਚੜ ਗਿਆ ਸੀ। 24 ਮਈ 1896 ਨੂੰ ਜਨਮੇ ਸਰਦਾਰ ਸਰਾਭੇ ਦਾ ਸ਼ਹਾਦਤ ਤੱਕ ਦਾ ਸਫ਼ਰ ਹਰ ਮਨੁੱਖ ਲਈ ਪ੍ਰੇਰਨਾ ਸਰੋਤ ਹੈ ਜੋ ਆਜ਼ਾਦੀ ਦਾ ਝੰਡਾ ਬਰਦਾਰ ਹੈ।ਗਦਰ ਲਹਿਰ ਦਾ ਇਹ ਸੂਰਮਾ ਜਿਸਨੇ ਪਹਿਲਾਂ ਆਜ਼ਾਦੀ ਖਾਤਿਰ ਸਭ ਕੁਝ ਕੀਤਾ ਤੇ ਫਿਰ ਅਦਾਲਤ ਵਿਚ ਡਟਕੇ ਸ਼ਹਾਦਤ ਕਬੂਲ ਕੀਤੀ।

ਇਸ ਸੂਰਮੇ ਦੀਆਂ ਵਿਚਾਰਾਂ ਨੇ ਬੱਬਰ ਅਕਾਲੀਆਂ ਦਾ ਅਧਾਰ ਬਣਾਇਆ। ਇਸ ਸੂਰਮੇ ਦੀ ਫੋਟੋ ਸਦਾ ਹੀ ਭਗਤ ਸਿੰਘ ਦੀ ਜੇਬ ਵਿਚ ਹੁੰਦੀ ਸੀ। ਇਹ ਓਹੀ ਸਰਾਭਾ ਸੀ ਜਿਸਨੇ ਅਦਾਲਤ ਵਿਚ ਜੱਜ ਨੂੰ ਗੱਜਕੇ ਕਿਹਾ ਸੀ ਕਿ ਜੇ ਉਸਨੂੰ ਦੋਬਾਰਾ ਜਨਮ ਮਿਲੇ ਤਾਂ ਉਹ ਫਿਰ ਆਜ਼ਾਦੀ ਦਾ ਸੰਘਰਸ਼ ਕਰੇਗਾ ਅਤੇ ਹੁਣ ਵਾਂਗ ਹੀ ਆਪਣੇ ਆਦਰਸ਼ਾਂ ਤੋਂ ਕੁਰਬਾਨ ਹੋਵਾਂਗਾ। ਦੇਸ਼ ਦੀ ਅਜ਼ਾਦੀ ਦੇ ਸੰਘਰਸ਼ ਲਈ ਘਾਲੀ ਗਈ ਘਾਲਣਾ ਵਿੱਚ ਸ:ਕਰਤਾਰ ਸਿੰਘ ਦੁਆਰਾ ਪਾਇਆ ਗਿਆ ਯੋਗਦਾਨ ਅਣਮੋਲ,ਕਦੇ ਨਾ-ਭੁੱਲਣ ਵਾਲਾ ਅਤੇ ਸ਼ਲਾਂਘਾਯੋਗ ਹੈ। 1912 ਵਿੱਚ ਜਦੋਂ ਪਾਣੀ ਵਾਲੇ ਜ਼ਹਾਜ ਰਾਹੀਂ ਕਰਤਾਰ ਸਿੰਘ ਸਨਫਰਾਂਸਿਸਕੋ ਗਿਆ ਤਾਂ ਉੱਥੇ ਅਮਰੀਕੀ ਸਿਪਾਹੀਆਂ ਦੇ ਭਾਰਤੀਆਂ ਪ੍ਰਤੀ ਵਰਤੇ ਗਏ ਘਟੀਆ ਤਰੀਕੇ ਨੇ ਇਸ ਯੋਧੇ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਅਤੇ ਇਸ ਛੋਟੇ ਜਿਹੇ ਕਰਤਾਰ ਸਿੰਘ ਦੇ ਦਿਲ ਅਤੇ ਮਨ ਨੇ ਇਹ ਮਹਿਸੂਸ ਕੀਤਾ ਕਿ ‘ਗੁਲਾਮੀ ਸਭ ਤੋਂ ਵੱਡਾ ਸਰਾਪ ਹੈ’ ।

Share this...
Share on Facebook
Facebook
error: Content is protected !!