ਪਾਕਿ ‘ਚ ਗੁਰਦੁਆਰਾ ਸਾਹਿਬ ਦੀ ਜ਼ਮੀਨ ਤੇ ਹੋਇਆ ਕਬਜ਼ਾ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਦੇ ਲਾਹੌਰ ਸ਼ਹਿਰ ‘ਚ ਸਥਿਤ ਇਕ ਪ੍ਰਸਿੱਧ ਗੁਰਦੁਆਰੇ ਨੂੰ ਮਸਜਿਦ ‘ਚ ਬਦਲਣ ਦੇ ਯਤਨਾਂ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕੀਤੀ ਹੈ। ਇਹ ਸਥਾਨ ਭਾਈ ਤਾਰੂ ਸਿੰਘ ਜੀ ਦਾ ਸ਼ਹਾਦਤ ਸਥੱਲ ਹੈ। ਇਸ ਸਬੰਧੀ ਟਵੀਟ ਕਰਦਿਆ ਮੁੱਖ ਮੰਤਰੀ ਨੇ ਲਿਖਿਆ ਕਿ ‘ਲਾਹੌਰ ‘ਚ ਪਵਿੱਤਰ ਸ੍ਰੀ ਸ਼ਹੀਦੀ ਸਥਾਨ ਗੁਰਦੁਆਰਾ ਨੂੰ ਮਸਜਿਦ ‘ਚ ਬਦਲਣ ਦੇ ਯਤਨਾਂ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕਰਦਾ ਹਾਂ। ਵਿਦੇਸ਼ ਮੰਤਰੀ ਡਾਕਟਰ ਐੱਸ ਜੈਸ਼ੰਕਰ ਨੂੰ ਅਪੀਲ ਕਰਦਾ ਹਾਂ ਕਿ ਪੰਜਾਬ ਦੀ ਇਸ ਚਿੰਤਾ ਨੂੰ ਸਖਤੀ ਨਾਲ ਪਾਕਿਸਤਾਨ ਕੋਲ ਉਠਾਉਂਦੇ ਹੋਏ ਸਿੱਖਾਂ ਦੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ’। ਦੁਨੀਆਂ ਵਿਚ ਬਹੁਤ ਸਾਰੀਆਂ ਅਜਿਹੀਆਂ ਕੌਮਾਂ ਹੋਈਆਂ ਹਨ ਜਿਨ੍ਹਾਂ ਦੇ ਸਿਰਾਂ ‘ਤੇ ਬਿਪਤਾ ਰੂਪੀ ਬਦਲ ਅਕਸਰ ਮੰਡਰਾਉਂਦੇ ਰਹੇ ਹਨ।

ਇਨ੍ਹਾਂ ਕੌਮਾਂ ਵਿਚ ਸਿੱਖ ਕੌਮ ਦਾ ਨਾਂਅ ਉੱਭਰਵੇਂ ਰੂਪ ਵਿੱਚ ਲਿਆ ਜਾ ਸਕਦਾ ਹੈ। ਜਿੱਥੇ ਸਿੱਖ ਧਰਮ ਦੇ ਗੁਰੂ ਸਾਹਿਬਾਨਾਂ ਨੂੰ ਆਪਣੇ ਦ੍ਰਿੜ ਇਰਾਦੇ ਤੇ ਉੱਚੀ ਪਹੁੰਚ ਸਦਕਾ ਤੱਤੀਆਂ ਤਵੀਆਂ ਦੇ ਸੇਕ ਨੂੰ ਠੰਢਿਆਂ ਕਰਨਾ ਪਿਆ, ਉੱਥੇ ਇਸ ਧਰਮ ਦੇ ਪੈਰੋਕਾਰਾਂ/ਸੇਵਕਾਂ ਨੂੰ ਵੀ ਆਪਣੀ ਸਿਦਕਦਿਲੀ ਦੇ ਸਰਮਾਏ ਨਾਲ ਰੰਬੀ ਦੀਆਂ ਤਿੱਖੀਆਂ ਧਾਰਾਂ ਦਾ ਮੂੰਹ ਮੋੜਨਾ ਪਿਆ।ਨਿਰਭਉ ਜਪ ਕੇ ਸਗਲ ਭਉ ਮਿਟਾਉਣ ਵਾਲੇ ਅਤੇ ਮਰਨ ਨੂੰ ਸੱਚ ਤੇ ਜਿਊਣ ਨੂੰ ਝੂਠ ਸਮਝ ਕੇ ਚੱਲਣ ਵਾਲੇ ਇਹ ਮਰਜੀਵੜੇ ਮੌਤ ਨੂੰ ਵੀ ਮਖੌਲ ਕਰਦੇ ਰਹੇ ਹਨ।

ਆਪਣੇ ਤਨ ਅਤੇ ਮਨ ਨੂੰ ਉਸ ਅਕਾਲ-ਪੁਰਖ ਦੀ ਅਮਾਨਤ ਸਮਝਣ ਵਾਲੇ ਇਹ ਸੂਰਮੇ ਜਦੋਂ ਕਿਸੇ ਉੱਚੇ ਅਤੇ ਸੁੱਚੇ ਆਸ਼ੇ ਦੀ ਪੂਰਤੀ ਹਿੱਤ ਮੈਦਾਨ ਵਿਚ ਆ ਜਾਂਦੇ ਹਨ ਤਾਂ ਉਸ ਆਸ਼ੇ ਦੀ ਪੂਰਤੀ ਤੋਂ ਬਗ਼ੈਰ ਮੈਦਾਨ ਨੂੰ ਵਿਹਲਾ ਨਹੀਂ ਕਰਦੇ। ਅਜਿਹਾ ਕਰਦਿਆਂ ਬੇਸ਼ੱਕ ਉਨ੍ਹਾਂ ਨੂੰ ਆਪਣੇ ਸਿਰਾਂ ਦੀਆਂ ਖੋਪਰੀਆਂ ਵੀ ਲਾਹੁਣੀਆਂ ਪੈ ਜਾਣ। ਕੁਰਬਾਨੀ ਦਾ ਪੁੰਜ ਬਣਨ ਵਾਲਿਆਂ ਇਨ੍ਹਾਂ ਸੂਰਮਿਆਂ ਵਿਚ ਹੀ ਸ਼ਾਮਿਲ ਹੈ ਸ਼ਹੀਦ ਭਾਈ ਤਾਰੂ ਸਿੰਘ ਦਾ ਨਾਂਅ। ਭਾਈ ਤਾਰੂ ਸਿੰਘ ਦਾ ਜਨਮ ਪਿੰਡ ਪੂਹਲਾ ਜ਼ਿਲ੍ਹਾ ਅੰਮ੍ਰਿਤਸਰ (ਹੁਣ ਤਰਨਤਾਰਨ) ਵਿਖੇ ਇੱਕ ਕਿਰਸਾਨ ਪਰਿਵਾਰ ਵਿੱਚ ਹੋਇਆ। ਬਾਲ ਵਰੇਸ ਵਿੱਚ ਹੀ ਆਪ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ ਸਨ। ਆਪ ਦੀ ਮਾਤਾ ਜੀ ਬਹੁਤ ਹੀ ਨੇਕ ਸੁਭਾਅ ਅਤੇ ਭਜਨੀਕ ਕਿਸਮ ਦੀ ਔਰਤ ਸਨ।

Share this...
Share on Facebook
Facebook
0